Home >>Punjab

AAP News: ਭਲਕੇ ਸੀਐਮ ਭਗਵੰਤ ਮਾਨ ਤੇ ਪੰਜਾਬ ਦੇ ਵਿਧਾਇਕ ਦਿੱਲੀ ਜਾਣਗੇ; ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ

AAP News: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਸਮੇਤ ਭਲਕੇ ਰਾਜਧਾਨੀ ਜਾਣਗੇ।

Advertisement
AAP News: ਭਲਕੇ ਸੀਐਮ ਭਗਵੰਤ ਮਾਨ ਤੇ ਪੰਜਾਬ ਦੇ ਵਿਧਾਇਕ ਦਿੱਲੀ ਜਾਣਗੇ; ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ
Ravinder Singh|Updated: Feb 10, 2025, 10:34 AM IST
Share

AAP News: ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਇਸ ਦਾ ਅਸਰ ਉਥੇ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਚੋਣ ਨਤੀਜੇ ਆਉਣ ਤੋਂ ਠੀਕ 3 ਦਿਨ ਬਾਅਦ ਯਾਨੀ ਮੰਗਲਵਾਰ (11 ਫਰਵਰੀ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਸਮੇਤ ਦਿੱਲੀ ਸੱਦ ਲਏ ਗਏ ਹਨ। ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। 

ਪਹਿਲਾਂ ਚਰਚਾ ਸੀ ਕਿ ਕੇਜਰੀਵਾਲ ਖ਼ੁਦ ਵੀ ਚੰਡੀਗੜ੍ਹ ਆ ਕੇ ਵਿਧਾਇਕਾਂ ਨਾਲ ਮੀਟਿੰਗ ਕਰ ਸਕਦੇ ਹਨ ਕਿਉਂਕਿ ਪੰਜਾਬ ਦੇ ਵਿਧਾਇਕਾਂ ਦੇ ਲਗਾਤਾਰ ਦਿੱਲੀ ਦੇ ਗੇੜੇ ਵੱਜਦੇ ਰਹੇ ਹਨ ਜਿਸ ਦਾ ਵਿਰੋਧੀ ਧਿਰਾਂ ਆਲੋਚਨਾ ਵੀ ਕਰਦੀਆਂ ਰਹੀਆਂ ਹਨ। ਪਰ ਅਖ਼ੀਰ ’ਚ ਇਹ ਮੀਟਿੰਗ ਦਿੱਲੀ ਵਿਚ ਹੋਣੀ ਤੈਅ ਹੋਈ ਹੈ। 

'ਆਪ' ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਤੇ ਇਸ ਦੇ ਪ੍ਰਭਾਵਾਂ 'ਤੇ ਚਰਚਾ ਕਰਨਗੇ। ਦੱਸ ਦੇਈਏ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਇਕਾਈ ਨੇ ਦਿੱਲੀ ਵਿੱਚ ਚੋਣ ਲੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਆਗੂਆਂ ਦੀ ਦਿੱਲੀ ਵਿੱਚ ਸਰਗਰਮੀ ਵੀ ਮੀਡੀਆ ਵਿੱਚ ਸੁਰਖੀਆਂ ਬਣੀ ਰਹੀ।

ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੇ 11 ਫਰਵਰੀ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੀ ਮੀਟਿੰਗ ਤੋਂ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਹਨ। ਇਹ ਵੀ ਚਰਚਾ ਹੈ ਕਿ ਵਿਧਾਇਕਾਂ ਨੂੰ ਇਕਜੁੱਟ ਰਹਿਣ ਅਤੇ ਪਾਰਟੀ ’ਚ ਵਿਸ਼ਵਾਸ ਰੱਖਣ ਲਈ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ।

ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ
ਦਰਅਸਲ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਸਰਕਾਰ 'ਤੇ ਹਮਲਾਵਰ ਹੋ ਗਈਆਂ ਹਨ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਪਹਿਲਾਂ ਹੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ।

ਇਹੀ ਕਾਰਨ ਹੈ ਕਿ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਸਾਰਿਆਂ ਨੂੰ ਮਿਲਣਗੇ। ਇਸ ਦੌਰਾਨ ਉਹ ਪੰਜਾਬ ਲਈ ਪਾਰਟੀ ਅਤੇ ਸਰਕਾਰ ਦੀ ਭਵਿੱਖੀ ਰਣਨੀਤੀ ਤੈਅ ਕਰਨਗੇ। ਕਾਬਿਲੇਗੌਰ ਹੈ ਕਿ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤੇ ਪਾਰਟੀ ਦੇ 22 ਵਿਧਾਇਕਾਂ ਨਾਲ ਮੀਟਿੰਗ ਕੀਤੀ।

Read More
{}{}