Bathinda News: ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੋਂ ਬਾਅਦ ਹੁਣ ਬਠਿੰਡਾ ਵਿੱਚ ਇੱਕ ਏਐਸਆਈ ਚਿੱਟੇ ਸਮੇਤ ਪੁਲਿਸ ਦੇ ਅੜਿੱਕੇ ਚੜ੍ਹ ਗਿਆ ਹੈ। ਸੁਰਖੀਆਂ ਵਿੱਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਚਿੱਟਾ ਸਪਲਾਈ ਕਰਦੇ ਏਐਸਆਈ ਨੂੰ ਜੇਲ੍ਹ ਅਧਿਕਾਰੀਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਆਈਆਰਬੀ ਦੇ ਏਐਸਆਈ ਗੁਰਪ੍ਰੀਤ ਸਿੰਘ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਆਈਆਰਬੀ ਦੇ ਟੁਕੜੀ ਵੱਲੋਂ ਜਦੋਂ ਸ਼ਿਫਟ ਚੇਂਜ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਡਿਊਟੀ ਉਤੇ ਆਏ ਏਐਸਆਈ ਗੁਰਪ੍ਰੀਤ ਸਿੰਘ ਦੀ ਜੇਲ੍ਹ ਅਧਿਕਾਰੀਆਂ ਵੱਲੋਂ ਜਦੋਂ ਸ਼ੱਕ ਦੇ ਆਧਾਰ ਉਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 41 ਗ੍ਰਾਮ ਚਿੱਟਾ ਬਰਾਮਦ ਹੋਇਆ।
ਜੇਲ੍ਹ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਜੇਲ੍ਹ ਚੌਂਕੀ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਏਐਸਆਈ ਗੁਰਪ੍ਰੀਤ ਸਿੰਘ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਗੁਰਪ੍ਰੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਇਹ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਕਿ ਉਸ ਵੱਲੋਂ ਇਹ ਚਿੱਟਾ ਕਿੱਥੋਂ ਲਿਆਂਦਾ ਗਿਆ ਸੀ ਤੇ ਕਿੱਥੇ ਇਹ ਚਿੱਟਾ ਸਪਲਾਈ ਕਰਨਾ ਸੀ।
ਉਧਰ ਦੂਸਰੇ ਪਾਸੇ ਹਸਪਤਾਲ ਵਿੱਚ ਮੈਡੀਕਲ ਲਈ ਲਿਆਂਦੇ ਗਏ ਏਐਸਆਈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਜਦੋਂ ਡਿਊਟੀ ਉਤੇ ਆਇਆ ਸੀ ਤਾਂ ਕਿਸੇ ਵਿਅਕਤੀ ਵੱਲੋਂ ਦਵਾਈ ਕਹਿ ਕੇ ਇੱਕ ਪੁੜੀ ਫੜਾਈ ਗਈ ਸੀ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਿੱਚ ਚਿੱਟਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਾਸੂਸੀ ਦੇ ਦੋਸ਼ 'ਚ ਦੋ ਵਿਅਕਤੀ ਗ੍ਰਿਫਤਾਰ, ਫੌਜ ਦੀ ਗੁਪਤ ਜਾਣਕਾਰੀ ਕਰਦੇ ਸਨ ਲੀਕ
ਦੱਸਿਆ ਜਾ ਰਿਹਾ ਹੈ ਕਿ ਤੀਜੀ ਆਈਆਰਬੀ ਕਮਾਂਡੋ ਬਟਾਲੀਅਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਬਠਿੰਡਾ ਜੇਲ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਤਾਇਨਾਤ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਬਰਾਮਦ ਕੀਤਾ ਗਿਆ 41 ਗ੍ਰਾਮ ਚਿੱਟਾ ਜੇਲ੍ਹ ਦੇ ਅੰਦਰ ਸਪਲਾਈ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ : Jagtar Singh Hawara: ਜਗਤਾਰ ਸਿੰਘ ਹਵਾਰਾ ਦੇ ਪ੍ਰੋਡਕਸ਼ਨ ਵਾਰੰਟ ਜਾਰੀ; ਖਰੜ ਵਿੱਚ ਹੋਇਆ ਸੀ ਮਾਮਲਾ ਦਰਜ