Zirakpur News: ਬੁੱਧਵਾਰ ਨੂੰ, ਸਥਾਨਕ ਢਕੋਲੀ ਖੇਤਰ ਦੀ ਦਸ਼ਮੇਸ਼ ਨਗਰ ਵਿੱਚ ਇੱਕ ਦੁਕਾਨ ਦੀ ਦੂਜੀ ਮੰਜ਼ਿਲ 'ਤੇ ਇੱਕ ਲਾਸ਼ ਪਈ ਹੋਣ ਦੀ ਖ਼ਬਰ ਫੈਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਢਕੋਲੀ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਧਰਮਿੰਦਰ ਨਗੇਂਦਰ ਪਾਂਡੇ ਵਜੋਂ ਹੋਈ ਹੈ, ਜੋ ਕਿ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ, ਪਾਂਡੇ ਜੋ ਕਿ ਪੇਟਰ ਦਾ ਕੰਮ ਕਰਦਾ ਸੀ ਨੇ ਘਟਨਾ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਹੀ ਸ਼ਾਂਤੀ ਦੇਵੀ ਦੀ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਇੱਕ ਕਮਰਾ ਕਿਰਾਏ 'ਤੇ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਕੰਧ ਤੇ ਬੈਠਾ ਸੀ ਜਿਸਦਾ ਸੰਤੁਲਨ ਬਿਗੜਨ ਕਾਰਨ ਉਹ ਕੰਧ ਤੋਂ ਗੁਆਂਢ ਵਿੱਚ ਨਾਲ ਲੱਗਦੀ ਦੁਕਾਨ ਦੀ ਛੱਤ 'ਤੇ ਡਿੱਗ ਗਿਆ, ਜਿਸ ਕਰਕੇ ਉਸਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ, ਜੋ ਕਿ ਬੁੱਧਵਾਰ ਦੁਪਹਿਰ ਕਰੀਬ 3 ਵਜੇ ਤੱਕ ਗੁਆਂਢੀ ਦੀ ਛੱਤ ਹੀ ਪਿਆ ਰਿਹਾ ਅਤੇ ਖੂਨ ਵਗਣ ਕਰਕੇ ਉਸਦੀ ਮੌਤ ਹੋ ਗਈ।
ਦੁਪਹਿਰ ਵੇਲੇ ਬਿਜਲੀ ਜਾਣ ਕਰਕੇ ਜਦੋਂ ਉਕਤ ਦੁਕਾਨ ਦੀ ਦੂਸਰੀ ਮੰਜਿਲ ਤੇ ਰਹਿੰਦੇ ਕਿਰਾਏਦਾਰ ਗਰਮੀ ਕਾਰਨ ਛੱਤ ਦਾ ਦਰਵਾਜ਼ਾ ਖੋਲ੍ਹਣ ਗਿਆ ਤਾਂ ਉਸਨੇ ਉੱਪਰ ਲਾਸ਼ ਪਈ ਵੇਖੀ ਜਿਸਦੀ ਨਜ਼ਦੀਕ ਹੀ ਕਿ ਕੋਲਡਰਿੰਕ ਦੀ ਬੋਤਲ ਵੀ ਪਈ ਸੀ, ਜੋ ਲਾਸ਼ ਪਈ ਵੇਖ ਘਬਰਾ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਤੋਂ ਬਾਅਦ ਢਕੋਲੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ ਕਿਸੇ ਦੇ ਵੀ ਸਮਝ ਨਹੀਂ ਆ ਰਿਹਾ ਸੀ ਕਿ ਛੱਤ ਤੇ ਲਾਸ਼ ਕਿਵੇਂ ਪਹੁੰਚੀ।
ਢਕੋਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਾਂਡੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ। ਪੁਲਿਸ ਨੇ ਮ੍ਰਿਤੱਕ ਦੇ ਕਮਰੇ ਵਿੱਚ ਤਲਾਸ਼ੀ ਲਈ ਤਾਂ ਉੱਥੇ ਉਸਦਾ ਸਮਾਨ ਬੰਨ੍ਹਿਆ ਹੋਇਆ ਹੀ ਪਿਆ ਸੀ ਅਤੇ ਮ੍ਰਿਤੱਕ ਦਾ ਮੋਬਾਇਲ ਅਤੇ ਇਕ ਸ਼ਰਾਬ ਦਾ ਪਊਆ ਵੀ ਬਰਾਮਦ ਹੋਇਆ ਹੈ।