Jagraon News: (ਰਜਨੀਸ਼ ਬਾਂਸਲ): ਜਗਰਾਉਂ ਦੇ ਰਾਹਲਾਂ ਦੇ ਕੋਠੇ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਗਈ ਟਰਾਲੀ ਦੇ ਚਾਲਕਾਂ ਨੂੰ ਦੋ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟਣ ਦੀ ਕੋਸ਼ਿਸ਼ ਕੀਤੀ। ਟਰਾਲੀ ਚਾਲਕ ਤੋਂ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਟਰਾਲੀ ਸਿਲੰਡਰਾਂ ਸਮੇਤ ਸੂਏ ਵਿੱਚ ਪਲਟ ਗਈ। ਦੋਵੇਂ ਲੁਟੇਰਿਆਂ ਨੂੰ ਲੋਕਾਂ ਨੇ ਫੜ੍ਹ ਕੇ ਕੁਟਾਪਾ ਚਾੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਗਰਾਓਂ ਵਿੱਚ ਮਾੜੇ ਅਨਸਰਾਂ ਵੱਲੋਂ ਵਾਰਦਾਤਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸੇ ਲੜੀ ਵਿਚ ਅੱਜ ਦਿਨ ਦਿਹਾੜੇ ਕੋਠੇ ਰਾਹਲਾ ਵਿਖੇ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਗਈ ਟਰਾਲੀ ਨੂੰ ਲੁੱਟਣ ਲਈ ਦੋ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਟਰਾਲੀ ਚਾਲਕ ਕੋਲੋਂ ਟਰਾਲੀ ਚਲਾਉਣ ਦਾ ਸੰਤੁਲਨ ਵਿਗੜਿਆ ਤੇ ਟਰਾਲੀ ਸੂਏ ਵਿੱਚ ਡਿੱਗ ਗਈ। ਲੁਟੇਰਿਆਂ ਨੇ ਟਰਾਲੀ ਚਾਲਕ ਕੋਲੋਂ ਉਨ੍ਹਾਂ ਦਾ ਕੈਸ਼ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਰੌਲਾ ਪੈਣ ਉਤੇ ਪਿੰਡ ਦੇ ਲੋਕਾਂ ਨੇ ਦੋਵੇਂ ਲੁਟੇਰਿਆਂ ਨੇ ਕਾਬੂ ਕਰ ਲਿਆ ਤੇ ਉਨ੍ਹਾਂ ਦਾ ਕੁਟਾਪਾ ਕਰਕੇ ਪੁਲਿਸ ਦੇ ਹਵਾਲੇ ਕੀਤਾ।
ਇਸ ਮੌਕੇ ਇਹ ਵੀ ਗੱਲ ਸਾਹਮਣੇ ਆਈ ਕਿ ਗੈਸ ਸਿਲੰਡਰਾਂ ਨੂੰ ਲੁੱਟਣ ਵਾਲੇ ਨਸ਼ੇੜੀ ਹਨ ਤੇ ਥੋੜ੍ਹੀ ਦੂਰ ਪਹਿਲਾਂ ਹੀ ਇਨ੍ਹਾਂ ਨੇ ਜਗਰਾਓਂ ਦੇ ਰਾਏਕੋਟ ਰੋਡ ਤੋਂ ਕਿਸੇ ਕੋਲੋਂ ਨਸ਼ਾ ਖਰੀਦਿਆ ਸੀ। ਇਸ ਮੌਕੇ ਸਿੱਧੂ ਗੈਸ ਏਜੰਸੀ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦੇ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਕਰਿੰਦਿਆਂ ਨਾਲ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਅੱਜ ਦਿਨ-ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਪੁਲਿਸ ਦੇ ਕੰਮ ਉਤੇ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹੇ ਨਸ਼ੇ ਕਰਕੇ ਲੁੱਟਾਂ ਖੋਹਾਂ ਕਰਨ ਵਾਲਿਆਂ ਉਤੇ ਠੋਸ ਕਾਰਵਾਈ ਨਹੀਂ ਕਰਦੀ ਤਾਂ ਉਹ ਪਿੰਡਾਂ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਕਰ ਦੇਣਗੇ। ਇਸ ਮੌਕੇ ਜਿੱਥੇ ਕਾਬੂ ਕੀਤੇ ਗਏ ਲੁਟੇਰਿਆਂ ਨੇ ਵੀ ਆਪਣੀ ਗਲਤੀ ਮੰਨੀ ਉਥੇ ਹੀ ਪੁਲਿਸ ਨੇ ਵੀ ਕਿਹਾ ਕਿ ਇਨ੍ਹਾਂ ਲੁਟੇਰਿਆਂ ਉਤੇ ਬਣਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਨੇ ਨਸ਼ਾ ਕਿਸਦੇ ਕੋਲੋਂ ਖਰੀਦਿਆ ਸੀ ਤਾਂ ਜੋਂ ਉਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਸਰਕਾਰੀ ਅਧਿਆਪਕ 'ਤੇ ਲੱਗੇ ਨਸ਼ਾ ਤਸਕਰੀ ਦਾ ਇਲਜ਼ਾਮ, ਪੁਲਿਸ ਨੇ ਭਾਲ ਲਈ ਛਾਪੇਮਾਰੀ ਕੀਤੀ ਸ਼ੁਰੂ