Takht Sri Damdama Sahib: ਆਖਿਰਕਾਰ ਕਾਫੀ ਵਿਵਾਦਾ ਮਗਰੋਂ ਬਾਬਾ ਟੇਕ ਸਿੰਘ ਧਨੌਲਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲ ਲਈ। ਅੱਜ ਸਵੇਰੇ ਬਾਬਾ ਟੇਕ ਸਿੰਘ ਧਨੌਲਾ ਦੀ ਤਾਜਪੋਸ਼ੀ ਕੀਤੀ ਗਈ ਹੈ। ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਘਮਾਸਾਨ ਮਗਰੋਂ ਅੱਜ ਦਮਦਮਾ ਸਾਹਿਬ ਦੇ ਜਥੇਦਾਰ ਨੇ ਆਪਣੀ ਸਾਂਭੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਇਲਾਵਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੇਵਾ ਸੰਭਾਲੀ।
ਸੇਵਾ ਸੰਭਾਲ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਮੋਹਨ ਸਿੰਘ ਬੰਗੀ ਤੇ ਗੁਰਪ੍ਰੀਤ ਸਿੰਘ ਝੱਬਰ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ), ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਇੰਚਾਰਜ ਧਰਮ ਪ੍ਰਚਾਰ ਉਪ ਦਫਤਰ ਭੋਲਾ ਸਿੰਘ, ਸਾਬਕਾ ਇੰਚਾਰਜ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ।
ਇਸ ਤੋਂ ਪਹਿਲਾਂ ਭਾਈ ਲਖਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਗਿਆਨੀ ਜਰਨੈਲ ਸਿੰਘ ਨੇ ਲਿਆ। ਬਾਬਾ ਟੇਕ ਸਿੰਘ ਨੂੰ ਜਥੇਦਾਰ ਨਿਯੁਕਤ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ 7 ਮਾਰਚ ਨੂੰ ਹੋਈ ਇਕੱਤਰਤਾ ਵਿੱਚ ਲਿਆ ਗਿਆ ਸੀ।
ਇਹ ਵੀ ਪੜ੍ਹੋ : Mohali News: ਜਬਰ ਜਨਾਹ ਪੀੜਤਾ ਦੀ ਸ਼ਿਕਾਇਤ ਉਤੇ ਪਾਸਟਰ ਬਜਿੰਦਰ ਮਾਮਲੇ ਵਿੱਚ ਇੱਕ ਹੋਰ ਐਫਆਈਆਰ ਦਰਜ
ਕਿਸੇ ਤਰ੍ਹਾਂ ਦੇ ਰੌਲੇ ਰੱਪੇ ਤੋਂ ਡਰਦਿਆਂ ਸੇਵਾ ਸੰਭਾਲ ਦਾ ਸਮਾਗਮ ਅੱਜ ਸਵੇਰੇ ਐਨਾ ਚੁੱਪ-ਚੁਪੀਤੇ ਕੀਤਾ ਗਿਆ ਕਿ ਪਹਿਲਾਂ ਮੀਡੀਆ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਤੋਂ ਹਟਾਇਆ ਗਿਆ NSA, ਜਲਦ ਹੀ ਪੰਜਾਬ ਲਿਆਂਦਾ ਜਾਵੇਗਾ