Balwant Singh Rajoana: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ‘ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ਵਿਖੇ ਪੁੱਜੇ ਹਨ। ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ। ਬਲਵੰਤ ਸਿੰਘ ਰਾਜੋਆਣਾ ਨੂੰ ਉਨ੍ਹਾਂ ਦੇ ਪਿੰਡ ਰਾਜੋਆਣਾ ਕਲਾਂ ਵਿੱਚ ਅੱਜ ਹੋਣ ਵਾਲੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਇਜਾਜ਼ਤ ਦਿੱਤੀ ਗਈ ਹੈ।
ਬਲਵੰਤ ਸਿੰਘ ਰਾਜੋਆਣਾ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਪਹੁੰਚੇ ਹਨ, ਜਿਥੇ ਅੱਜ ਉਨ੍ਹਾਂ ਦੇ ਇੱਕਲੌਤੇ ਵੱਡੇ ਭਰਾ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਹੋ ਰਹੀ ਹੈ। ਪਿੰਡ ਪਹੁੰਚਣ ‘ਤੇ ਭਾਈ ਰਾਜੋਆਣਾ ਦੇ ਘਰ ਮਾਹੌਲ ਕਾਫੀ ਭਾਵੁਕ ਹੋ ਗਿਆ।
ਭੋਗ ਸਮਾਗਮ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ” ਆਪਸੀ ਝਗੜਿਆਂ ਕਾਰਨ ਅੱਜ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ” ਆਪਣੀ ਸਜਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ “ਮੈਂ ਸਾਲਾਂ ਤੋਂ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੇਕਰ ਭਾਈ ਬਲਵੰਤ ਸਿੰਘ ਨੇ ਕੌਮ ਦੀ ਇੰਨੀ ਸੇਵਾ ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇੰਨੀਆਂ ਮਸ਼ਹੂਰ ਹਸਤੀਆਂ ਇਥੇ ਨਾ ਪਹੁੰਚਦੀਆਂ। ਬਲਵੰਤ ਸਿੰਘ ਨੂੰ ਕਿਸੇ ਕਿਸਮ ਦੀ ਫਾਂਸੀ ਜਾਂ ਸਜ਼ਾ ਦਾ ਕੋਈ ਡਰ ਨਹੀਂ ਹੈ। ਅੱਜ ਬਲਵੰਤ ਸਿੰਘ ਨੂੰ ਸਿਰਫ਼ 3 ਘੰਟੇ ਦੀ ਪੈਰੋਲ ਮਿਲੀ ਹੈ ਪਰ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਨੂੰ ਹਰ ਰੋਜ਼ ਪੈਰੋਲ ਮਿਲ ਰਹੀ ਹੈ। ਬਲਵੰਤ ਸਿੰਘ ਰਾਜੋਆਣਾ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਅਪੀਲ 12 ਸਾਲਾਂ ਤੋਂ ਪੈਂਡਿੰਗ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਪੂਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।