Bathinda News: ਆਪ੍ਰੇਸ਼ਨ ਸਿੰਦੂਰ ਦੇ ਤਹਿਤ 7 ਮਈ ਨੂੰ ਗੁਆਂਢੀ ਦੇਸ਼ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਨਾਲ ਫੌਜੀ ਟਕਰਾਅ ਦੇ ਪਿਛੋਕੜ ਵਿੱਚ, ਪੁਲਿਸ ਨੇ ਬਠਿੰਡਾ ਦੇ ਕੈਂਟ 'ਤੇ ਕੰਮ ਕਰਨ ਵਾਲੇ ਇੱਕ ਨਾਗਰਿਕ ਨੂੰ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਵਿਅਕਤੀ ਕੈਂਟ ਵਿੱਚ ਟੇਲਰ ਮਾਸਟਰ ਦਾ ਕੰਮ ਕਰ ਰਿਹਾ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਇਥੇ ਆਪਣੀ ਦੁਕਾਨ ਦੇ ਅੰਦਰ ਹੀ ਰਹਿ ਰਿਹਾ ਸੀ। ਫੌਜ ਵੱਲੋਂ ਜਦੋਂ ਇਸ ਦੀਆਂ ਗਤੀਵਿਧੀਆਂ ਉੱਤੇ ਸ਼ੱਕ ਜਤਾਇਆ ਗਿਆ ਤਾਂ ਉਸਨੂੰ ਤੁਰੰਤ ਕਾਬੂ ਕਰ ਲਿਆ ਗਿਆ ਅਤੇ ਬਾਅਦ ਵਿੱਚ ਇਸ ਨੂੰ ਬਠਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਕੀਬ ਵਜੋਂ ਹੋਈ ਹੈ ਜੋ ਰੁੜਕੀ, ਉੱਤਰਾਖੰਡ ਦਾ ਰਹਿਣ ਵਾਲਾ ਹੈ।
ਸ਼ੱਕੀ ਗਤੀਵਿਧੀਆਂ ਦੇ ਮੱਦੇਨਜ਼ਰ ਪੁਲਿਸ ਦੁਆਰਾ ਰਕੀਬ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਸਬੂਤ ਇਕੱਠੇ ਕਰਨ ਲਈ ਇਸਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ "ਉਸਦੀ ਬੈਂਕ ਸਟੇਟਮੈਂਟ ਅਤੇ ਜਾਇਦਾਦ ਦੇ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਪਰ ਉਸਦੇ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ"।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਠਿੰਡਾ ਪੁਲਿਸ ਨੇ ਰਕੀਬ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਕੀਬ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਉਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸਥਾਨਕ ਫੌਜੀ ਸਟੇਸ਼ਨ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਉਹ ਪਿਛਲੇ ਦੋ ਹਫ਼ਤਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਦੂਜਾ ਨਾਗਰਿਕ ਹੈ। 29 ਅਪ੍ਰੈਲ ਨੂੰ, ਸੁਨੀਲ ਕੁਮਾਰ, ਜੋ ਕਿ ਰੱਖਿਆ ਬੇਸ ਵਿੱਚ ਮੋਚੀ ਵਜੋਂ ਕੰਮ ਕਰ ਰਿਹਾ ਸੀ, ਨੂੰ ਵੀ ਇਸੇ ਤਰ੍ਹਾਂ ਦੇ ਸ਼ੱਕ ਦੇ ਅਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : G Khan: ਜੀ ਖ਼ਾਨ ਪੰਜਾਬ ਦੀ ਪਹਿਲੀ ਜੌਂਬੀ ਹਾਸਰਸ ਫਿਲਮ 'ਜੌਂਬੀਲੈਂਡ' ਨਾਲ ਅਦਾਕਾਰੀ ਵਿੱਚ ਕਰ ਰਹੇ ਡੈਬਿਊ