Bikram Majithia: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੁੜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਮਜੀਠੀਆ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਕਾਬਿਲੇਗੌਰ ਹੈ ਕਿ ਮਜੀਠੀਆ ਹੁਣ ਨਾਭਾ ਜੇਲ੍ਹ ਵਿੱਚ ਬੰਦ ਹਨ। ਸੁਰੱਖਿਆ ਦੇ ਮੱਦੇਨਜ਼ਰ ਚੱਪੇ-ਚੱਪੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਅੱਜ ਪੇਸ਼ੀ ਹੋਣ ਕਾਰਨ ਦੂਰ ਤੱਕ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਕੇ ਮੁਹਾਲੀ ਲਿਆਂਦਾ ਗਿਆ ਸੀ ਅਤੇ 26 ਜੂਨ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਸੱਤ ਰੋਜ਼ਾ ਵਿਜੀਲੈਂਸ ਰਿਮਾਂਡ ਲਿਆ ਗਿਆ ਸੀ। ਮਜੀਠੀਆ ਨੂੰ 2 ਜੁਲਾਈ ਨੂੰ ਦੂਜੀ ਵਾਰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਰੋਜ਼ਾ ਰਿਮਾਂਡ ਹਾਸਲ ਕੀਤਾ ਗਿਆ ਸੀ।
ਜਾਂਚ ਏਜੰਸੀ ਵੱਲੋਂ ਅਕਾਲੀ ਆਗੂ ਨੂੰ ਗੋਰਖਪੁਰ (ਯੂਪੀ) ਦੀ ਸਰਾਇਆ ਇੰਡਸਟਰੀ ਵਿੱਚ ਲੈ ਕੇ ਜਾਣ, ਸ਼ਿਮਲਾ ਦੇ ਮਸ਼ੋਬਰਾ ਵਿੱਚ 420 ਹੈਕਟੇਅਰ ਜ਼ਮੀਨ ਦੀ ਮਲਕੀਅਤ ਸਬੰਧੀ ਜਾਂਚ ਕਰਨ, ਸੈਨਿਕ ਫਾਰਮ ਦਿੱਲੀ ਦੀ ਵੇਚ-ਖਰੀਦ ਬਾਰੇ ਪੁੱਛ-ਪੜਤਾਲ ਕਰਨ ਅਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਜਲੰਧਰ ਦੀ ਇੱਕ ਕਲੋਨੀ ਵਿੱਚ 25 ਫ਼ੀਸਦ ਹਿੱਸੇਦਾਰੀ ਵਿੱਚ ਖਰਚੀ ਗਈ ਰਾਸ਼ੀ ਦੀ ਜਾਂਚ ਕਰਨ ਲਈ ਰਿਮਾਂਡ ਲਿਆ ਗਿਆ ਸੀ।
ਅਕਾਲੀ ਆਗੂ ਨਜ਼ਰਬੰਦ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਅੱਜ ਮੋਹਾਲੀ ਵਿੱਚ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੁਹਾਣਾ ਨੂੰ ਉਨ੍ਹਾਂ ਦੇ ਘਰ ਵਿੱਚ ਪੁਲਿਸ ਨੇ ਨਜ਼ਰਬੰਦ ਕਰ ਲਿਆ ਹੈ।
1 ਜੁਲਾਈ ਨੂੰ ਮਜੀਠਾ 'ਚ ਹੋਇਆ ਹੰਗਾਮਾ
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਲਈ 1 ਜੁਲਾਈ ਨੂੰ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਲੈਕੇ ਹਲਕਾ ਮਜੀਠਾ, ਉਨ੍ਹਾਂ ਦੇ ਦਫ਼ਤਰ ਲੈ ਕੇ ਪਹੁੰਚੀ ਸੀ। ਇਸ ਦੌਰਾਨ ਪਹਿਲਾਂ ਹੀ ਉਨ੍ਹਾਂ ਦੇ ਪਤਨੀ ਅਤੇ ਹਲਕਾ ਮਜੀਠਾ ਦੇ ਮੌਜੂਦਾ ਵਿਧਾਇਕਾ ਗਨੀਵ ਕੌਰ ਪੁਲਿਸ ਪਾਰਟੀ ਨਾਲ ਬਹਿਸ ਹੋਈ।