Mining News(ਕੁਲਦੀਪ ਸਿੰਘ): ਭਾਜਪਾ ਨੇਤਾ ਸੰਜੀਵ ਖੰਨਾ ਨੇ ਚੁੱਕਿਆ ਹਲਕਾ ਡੇਰਾ ਬੱਸੀ ਦੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦਾ ਮੁੱਦਾ। ਭਾਜਪਾ ਨੇਤਾ ਨੇ ਕਿਹਾ ਮਿੱਟੀ ਨਾਲ ਭਰੇ ਟਿੱਪਰ ਪਿੰਡਾਂ ਦੀਆਂ ਸੜਕਾਂ ਨੂੰ ਤੋੜ ਰਹੇ ਨੇ ਉੱਥੇ ਹੀ ਇਹ ਟਿੱਪਰ ਲੋਕਾਂ ਲਈ ਜਾਨ ਦਾ ਖੋਹ ਸਾਬਿਤ ਹੋ ਰਹੇ ਨੇ। ਸੰਜੀਵ ਖੰਨਾ ਨੇ ਆਰੋਪ ਲਗਾਇਆ ਕਿ ਨਜਾਇਜ਼ ਮਾਈਨਿੰਗ ਵੱਲ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਜਿਸ ਨਾਲ ਕਰੋੜਾਂ ਰੁਪਏ ਦਾ ਸਰਮਾਇਆ ਕਥਿਤ ਲੋਕਾਂ ਦੀ ਝੋਲੀ ਪੈ ਰਿਹਾ ਹੈ।
ਭਾਜਪਾ ਨੇਤਾ ਸੰਜੀਵ ਖੰਨਾ ਨੇ ਕਿਹਾ ਕਿ ਘੱਗਰ ਦਰਿਆ ਦੇ ਵਿੱਚੋਂ ਰਾਤ ਨੂੰ ਹਨੇਰੇ ਦੇ ਵਿੱਚ ਪੋਕ ਲਾਈਨ ਮਸ਼ੀਨਾਂ ਰਾਹੀਂ ਵੱਡੇ ਪੱਧਰ ਤੇ ਘੱਗਰ ਦਰਿਆ ਦੇ ਵਿਚੋਂ ਮਾਈਨਿੰਗ ਕੀਤੀ ਜਾਂਦੀ ਹੈ। ਦਿਨ ਸਮੇਂ ਵੀ ਸ਼ਾਮਲਾਟ ਜਮੀਨਾਂ ਦੇ ਵਿੱਚੋਂ ਮਿੱਟੀ ਦੀ ਖੁਦਾਈ ਕੀਤੀ ਜਾ ਰਹੀ ਹੈ। ਜਦੋਂ ਕਿ ਇਹ ਸਾਰਾ ਕੁਝ ਸਰਕਾਰ ਦੀ ਨਿਗਰਾਨੀ ਹੇਠ ਹੋ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੱਡੇ ਪੱਧਰ ਤੇ ਘੱਗਰ ਦਰਿਆ ਨੂੰ ਖੋਦ ਦਿੱਤਾ ਗਿਆ ਸੀ। 70 ਫੁੱਟ ਤੱਕ ਡੂੰਘੇ ਖੱਡੇ ਘੱਗਰ ਦਰਿਆ ਦੇ ਵਿੱਚ ਆਮ ਹੀ ਦੇਖੇ ਜਾ ਸਕਦੇ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਵਿਭਾਗਾਂ ਵਿੱਚ ਫੈਲੀ ਕਰਪਸ਼ਨ ਅਤੇ ਨਜਾਇਜ਼ ਮਾਈਨਿੰਗ ਵਿਰੁੱਧ ਸਖਤ ਐਕਸ਼ਨ ਲਿਆ ਹੈ। ਡੇਰਾਬੱਸੀ ਖੇਤਰ ਵਿੱਚ ਜੇਕਰ ਉਹਨ੍ਹਾਂ ਨੂੰ ਕਿਸੇ ਤਰ੍ਹਾਂ ਨਜਾਇਜ਼ ਮਾਈਨਿੰਗ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਕਰਪਸ਼ਨ ਅਤੇ ਨਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਸਰਕਾਰ ਸਖ਼ਤ
2022 ਵਿਚ ਆਮ ਆਦਮੀ ਪਾਰਟੀ ਦੀ ਸੂਬੇ ਵਿਚ ਸਰਕਾਰ ਬਣੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸਖ਼ਤ ਫੈਸਲੇ ਲਏ ਗਏ। ਖਾਸ ਤੌਰ 'ਤੇ ਸਰਕਾਰੀ ਵਿਭਾਗਾਂ ਵਿੱਚ ਫੈਲੀ ਕਰਪਸ਼ਨ ਅਤੇ ਮਿੱਟੀ/ਰੇਤੇ ਦੀ ਨਜਾਇਜ਼ ਮਾਈਨਿੰਗ ਤੇ ਸਰਕਾਰ ਦਾ ਸਖਤ ਰੁਖ ਸਾਹਮਣੇ ਆਇਆ।