Village Khatkar Kalan: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਚ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹੇ ਦੀ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਸੀ। ਇਸ ਮੌਕੇ ਖਟਕੜ ਦੀ ਪੰਚਾਇਤ ਨੇ ਤਰੁਣ ਚੁੱਘ ਅਤੇ ਸੁਭਾਸ਼ ਸ਼ਰਮਾ ਦਾ ਸਨਮਾਨ ਵੀ ਕੀਤਾ ਅਤੇ ਮੰਗ ਪੱਤਰ ਵੀ ਸੌਂਪਿਆ ਅਤੇ ਭਾਜਪਾ ਵਰਕਰਾਂ ਨੇ ਦੋਵੇਂ ਆਗੂਆਂ ਨੂੰ ਲੱਡੂ ਖਿਲਾ ਕੇ ਖੁਸ਼ੀ ਵੀ ਮਨਾਈ।
ਤਰੁਣ ਚੁੱਘ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਖਟਕੜ ਕਲਾਂ ਵਿੱਚ ਵਿਸ਼ਵ ਪੱਧਰ ’ਤੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਬਣੇਗਾ। ਖਟਕੜ ਕਲਾਂ ਵਿੱਚ ਕੁੱਲ 53 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਹੁਸੈਨੀਵਾਲਾ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਸਟ੍ਰੀਟ ਬਣਾਉਣ ਦੇ ਨਾਲ-ਨਾਲ ਸਮਾਰਕਾਂ ਦਾ ਵਿਸਥਾਰ ਕੀਤਾ ਜਾਵੇਗਾ।
ਇਨ੍ਹਾਂ ਪ੍ਰਾਜੈਕਟਾਂ ਨੂੰ ਕੇਂਦਰੀ ਸੱਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਮਨਜ਼ੂਰੀ ਦਿੱਤੀ ਗਈ, ਜਿਸ ਤਹਿਤ ਖਟਕੜਕਲਾਂ (ਨਵਾਂਸ਼ਹਿਰ) ਵਿਖੇ 53 ਕਰੋੜ ਰੁਪਏ ਅਤੇ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ 25 ਕਰੋੜ ਰੁਪਏ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਖਟਕੜ ਕਲਾਂ ਵਿਖੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਨੂੰ ਮੁੱਖ ਮਾਰਗ ਤੋਂ ਲੈ ਕੇ ਗਲੋਬਲ ਪੈਮਾਨੇ 'ਤੇ ਮੁੱਖ ਮਾਰਗ ਬਣਾਇਆ ਜਾਵੇਗਾ। ਵਿਰਾਸਤੀ ਸਟ੍ਰੀਟ ਵਿੱਚ ਸ਼ਹੀਦਾਂ ਨਾਲ ਜੁੜੀਆਂ ਯਾਦਾਂ ਅਤੇ ਵਿਰਾਸਤ ਨੂੰ ਦਰਸਾਇਆ ਜਾਵੇਗਾ। ਪਿੰਡ ਵਿੱਚ ਆਡੀਟੋਰੀਅਮ ਅਤੇ ਲਾਇਬ੍ਰੇਰੀ ਬਣਾਈ ਜਾਵੇਗੀ।
ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਵੀ ਕੇਂਦਰ ਸਰਕਾਰ ਵਿਰਾਸਤ ਵਜੋਂ ਸੰਭਾਲਣ ਦਾ ਕੰਮ ਕਰੇਗੀ ਕਿਉਂਕਿ ਇਸ ਸਮੇਂ ਇਸ ਘਰ ਦੀ ਉਸ ਤਰ੍ਹਾਂ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਸਬੰਧੀ ਸੂਬਾ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ, ਜਿਸ ਲਈ ਸਾਰਾ ਫੰਡ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ ਫ਼ਿਰੋਜ਼ਪੁਰ ਵਿੱਚ ਵੀ ਸ਼ਹੀਦਾਂ ਦੇ ਨਾਂ ’ਤੇ ਇੱਕ ਵਿਰਾਸਤੀ ਗਲੀ ਤੇ ਥੀਮੈਟਿਕ ਗੇਟ ਨੂੰ ਪੀਸ ਐਂਡ ਹਾਰਮੋਨੀ ਸੈਂਟਰ ਵਜੋਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੇ ਖਟਕੜ ਕਲਾਂ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਕੇ ਇਸ ਦਾ ਵਿਸਤ੍ਰਿਤ ਪ੍ਰੋਜੈਕਟ ਤਿਆਰ ਕਰਕੇ ਇਸ 'ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ ਦੋ ਮੈਡੀਕਲ ਕਾਲਜ ਸ਼ੁਰੂ ਕਰਨ ਲਈ ਹੁਸ਼ਿਆਰਪੁਰ ਅਤੇ ਕਪੂਰਥਲਾ ਲਈ 50-50 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਸ੍ਰੀ ਆਨੰਦਪੁਰ ਸਾਹਿਬ ਦੇ ਸੁੰਦਰੀਕਰਨ ਲਈ 24 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਸਮੇਂ ਪੰਜਾਬ ਵਿੱਚ ਬਣ ਰਹੇ ਸਾਰੇ ਕੌਮੀ ਮਾਰਗਾਂ ਉਤੇ ਭਾਰਤ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਲਈ 400 ਕਰੋੜ ਰੁਪਏ ਖ਼ਰਚੇ ਜਾਣਗੇ। ਪੰਜਾਬ ਸਰਕਾਰ ਇਸ ਵੇਲੇ ਲੋਕਾਂ ਨੂੰ ਪੈਦਲ ਚੱਲਣ ਲਈ ਮਜਬੂਰ ਕਰ ਰਹੀ ਹੈ।