Ludhiana News: (ਰਜਨੀਸ਼ ਬਾਂਸਲ): ਜਗਰਾਓਂ ਦੇ ਪਿੰਡਾਂ ਵਿਚ ਲੈਂਡ ਪੁਲਿੰਗ ਦੇ ਵਿਰੋਧ ਵਿਚ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ਉਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਦੇ ਪਿੰਡ ਵਿੱਚ ਵੜਨ ਉਤੇ ਮਨਾਹੀ ਦੇ ਬੋਰਡ ਲਗਾ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੂਨ ਵਹਾ ਦੇਣਗੇ ਪਰ ਜ਼ਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ।
ਜਗਰਾਓਂ ਦੇ ਪਿੰਡ ਅਲੀਗੜ੍ਹ, ਮਾਲਕੀ,ਪੋਨਾ ਤੇ ਅਗਵਾੜ ਗੁੱਜਰਾਂ ਦੇ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ਉਤੇ ਬੀਤੀ ਸ਼ਾਮ ਲੈਂਡ ਪੁਲਿੰਗ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਪਿੰਡ ਵਿੱਚ ਨਾ ਵੜਨ ਦੇ ਬੋਰਡ ਲਗਾ ਦਿੱਤੇ ਗਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਪਾੜ ਵੀ ਦਿੱਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉਥੇ ਹੀ ਕਿਹਾ ਕਿ ਉਹ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦੇਣਗੇ ਪਰ ਆਪਣੀ ਜ਼ਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ।
ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿੱਚ ਚਾਰੇ ਪਿੰਡਾਂ ਦੀਆਂ ਹੱਦਾਂ ਉਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਿੰਡ ਵਿਚ ਨਾ ਵੜਨ ਦੇ ਬੋਰਡ ਲਗਾਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਬੇਸ਼ੱਕ ਕਿਸੇ ਅਣਪਛਾਤੇ ਲੋਕਾਂ ਵੱਲੋਂ ਪਾੜ ਦਿੱਤਾ ਗਿਆ ਹੈ ਪਰ ਉਹ ਹੁਣ ਉਸ ਤੋਂ ਵੀ ਵੱਡੇ ਬੋਰਡ ਜ਼ਿਆਦਾ ਗਿਣਤੀ ਵਿਚ ਲਗਾਉਣਗੇ ਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਉਹ ਉਸ ਸਮੇਂ ਤੱਕ ਕਰਦੇ ਰਹਿਣਗੇ, ਜਦੋਂ ਤੱਕ ਸਰਕਾਰ ਇਹ ਨੀਤੀ ਰੱਦ ਨਹੀਂ ਕਰ ਦਿੰਦੀ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਬੀਕੇਯੂ ਏਕਤਾ (ਉਗਰਾਹਾਂ), ਆਲ ਇੰਡੀਆ ਕਿਸਾਨ ਸਭਾ-1936, ਬੀਕੇਯੂ (ਰਾਜੇਵਾਲ), ਬੀਕੇਯੂ (ਡਕੌਂਦਾ-ਬੁਰਜ ਗਿੱਲ), ਬੀਕੇਯੂ (ਡਕੌਂਦਾ-ਧਨੇਰ), ਬੀਕੇਯੂ (ਲੱਖੋਵਾਲ), ਬੀਕੇਯੂ (ਕਾਦੀਆਂ), ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ ਸੀ। ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹਾਜ਼ਰੀਨ ਨੇ ਫ਼ੈਸਲਾ ਕੀਤਾ ਸੀ ਕਿ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਨ ਲਈ ਟਰੈਕਟਰ ਮਾਰਚ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਇਲਾਕੇ ਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਚਰਚਾ ਕਰਨ ਉਪਰੰਤ ਇਸ ਲਈ ਦੋ ਗਰੁੱਪ ਬਣਾਏ ਗਏ। ਇਸ ਵਿੱਚੋਂ ਇਕ ਜੋਧਾਂ ਵਾਲੇ ਪਾਸੇ ਦੂਸਰਾ ਮੁੱਲਾਂਪੁਰ ਤੋਂ ਬੇਟ ਵਾਲੇ ਪਿੰਡਾਂ ਵਿੱਚ ਜਾਣ ਲਈ ਗਰੁੱਪ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ। ਲਏ ਫ਼ੈਸਲੇ ਅਨੁਸਾਰ ਹਰ ਜਥੇਬੰਦੀ ਦਾ ਲੀਡਰ ਵਾਰੀ ਸਿਰ ਯੋਗਦਾਨ ਪਾਵੇਗਾ ਤੇ ਅਗਵਾਈ ਕਰੇਗਾ।