Samrala News: ਗੁਰੁਗ੍ਰਾਮ ਤੋਂ ਕਟਰਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਦੁਪਹਿਰ ਕਰੀਬ 3 ਵਜੇ ਇੱਕ ਫੋਨ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਬੱਸ ਵਿੱਚ ਬੰਬ ਹੈ। ਇਹ ਸੁਣ ਕੇ ਡਰਾਈਵਰ ਨੇ ਤੁਰੰਤ ਸਾਵਧਾਨੀ ਦਿਖਾਉਂਦਿਆਂ ਬੱਸ ਨੂੰ ਸਮਰਾਲਾ ਨੜੇਲੇ ਹੈਡੋ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਵਿੱਚ ਰੋਕ ਦਿੱਤਾ ਅਤੇ ਸਾਰੀਆਂ ਸਵਾਰੀਆਂ ਨੂੰ ਉਤਾਰ ਕੇ ਹੈਡੋ ਚੌਂਕੀ ਲਿਜਾ ਕੇ ਸੁਰੱਖਿਅਤ ਕੀਤਾ।
ਬੰਬ ਦੀ ਸੂਚਨਾ ਮਿਲਣ ‘ਤੇ, ਐਸ.ਐਸ.ਪੀ. ਡਾ. ਜੋਤੀ ਯਾਦਵ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੀਆਂ। ਬੰਬ ਸਕਵੈਡ ਨੂੰ ਵੀ ਬੁਲਾਇਆ ਗਿਆ। ਬੱਸ ਦੀ ਪੂਰੀ ਤਲਾਸ਼ ਲਈ ਸੁਕਵੈਡ ਨੇ ਜ਼ਿੰਮੇਵਾਰੀ ਸੰਭਾਲੀ।
ਡਰਾਈਵਰ ਨੇ ਦੱਸਿਆ ਕਿ ਉਸਨੂੰ ਇੱਕ ਕਾਲ ਰੇਡ ਬੱਸ ਬੁਕਿੰਗ ਕੰਪਨੀ (ਕਰਨਾਟਕਾ) ਵੱਲੋਂ ਆਈ ਸੀ, ਜਿਸ ਵਿਚ ਕਿਹਾ ਗਿਆ ਕਿ ਬੱਸ ਵਿੱਚ ਬੰਬ ਹੈ। ਡਰਾਈਵਰ ਨੇ ਤੁਰੰਤ ਆਪਣੀ ਦਿੱਲੀ ਸਥਿਤ ਆਫ਼ਿਸ ਨੂੰ ਸੂਚਿਤ ਕੀਤਾ, ਜਿੱਥੋਂ ਉਨ੍ਹਾਂ ਨੂੰ ਨਜਦੀਕੀ ਪੁਲਿਸ ਚੌਂਕੀ ਜਾਂ ਪੁਲਿਸ ਸਟੇਸ਼ਨ 'ਤੇ ਜਾਣ ਦੀ ਸਲਾਹ ਦਿੱਤੀ ਗਈ।
ਐਸ.ਐਸ.ਪੀ. ਜੋਤੀ ਯਾਦਵ ਨੇ ਕਿਹਾ ਕਿ ਡਰਾਈਵਰ ਵਲੋਂ ਸਵਾਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਉਨ੍ਹਾਂ ਨੂੰ ਬੱਸ ਤੋਂ ਉਤਾਰ ਕੇ ਸਹੀ-ਸਲਾਮਤ ਚੌਂਕੀ ਲਿਆਇਆ ਗਿਆ। ਬੰਬ ਸਕਵੈਡ ਵੱਲੋਂ ਬੱਸ ਅਤੇ ਸਵਾਰੀਆਂ ਦੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਪਰ ਕੋਈ ਵਿਸ਼ਫੋਟਕ ਸਮੱਗਰੀ ਨਹੀਂ ਮਿਲੀ।
ਬਾਅਦ ਵਿੱਚ, ਸਾਰੀਆਂ ਸਵਾਰੀਆਂ ਨੂੰ ਮੁੜ ਬੱਸ ਵਿੱਚ ਬੈਠਾ ਕੇ ਕਟਰਾ ਵੱਲ ਰਵਾਨਾ ਕਰ ਦਿੱਤਾ ਗਿਆ। ਸਵਾਰੀਆਂ ਨੇ ਖੁਸ਼ੀ ‘ਚ "ਭਾਰਤ ਮਾਤਾ ਕੀ ਜੈ" ਦੇ ਨਾਰੇ ਲਗਾਏ।