Bonny Ajnala: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਅਕਾਲੀ ਆਗੂ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਵੱਖ-ਵੱਖ ਪੁਲਿਸ ਅਫਸਰਾਂ ਤੋਂ ਇਲਾਵਾ ਸਿਆਸੀ ਆਗੂਆਂ ਦੇ ਬਿਆਨ ਵਿਜੀਲੈਂਸ ਵੱਲੋਂ ਦਰਜ ਕੀਤੇ ਜਾ ਰਹੇ ਹਨ, ਉਥੇ ਹੀ ਅੱਜ ਸੀਨੀਅਰ ਭਾਜਪਾ ਆਗੂ ਬੋਨੀ ਅਜਨਾਲਾ ਵੀ ਵਿਜੀਲੈਂਸ ਦਫਤਰ ਪੁੱਜੇ ਅਤੇ ਉਨ੍ਹਾਂ ਵੱਲੋਂ ਆਪਣੇ ਬਿਆਨ ਮਜੀਠੀਆ ਕੇਸ ਵਿੱਚ ਦਰਜ ਕਰਵਾਏ ਗਏ।
ਬੋਨੀ ਅਜਨਾਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਜੀਠੀਆ ਦੀ ਪੁਸ਼ਤਪਨਾਹੀ 'ਚ ਕੰਮ ਤਸਕਰ ਕਰਦੇ ਸਨ। ਉਨ੍ਹਾਂ ਕਿਹਾ ਕਿ ਜਿੰਨੇ ਵੀ ਮੇਰੇ ਕੋਲ ਸਬੂਤ ਸਨ, ਉਹ ਮੈਂ ਅੱਜ ਵਿਜੀਲੈਂਸ ਨੂੰ ਦੇ ਆਇਆ, ਹੁਣ ਅੱਗੇ ਦੀ ਕਾਰਵਾਈ ਵਿਜੀਲੈਂਸ ਆਪਣੇ ਤਰੀਕੇ ਨਾਲ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਮੇਰਾ ਜੋ ਸਟੈਂਡ ਅਕਾਲੀ ਦਲ ਦੀ ਸਰਕਾਰ ਸਮੇਂ ਵਿਧਾਇਕ ਹੁੰਦਿਆਂ ਸੀ ਉਹ ਸਟੈਂਡ ਅੱਜ ਵੀ ਹੈ। ਮੈਂ ਆਪਣੇ ਬਿਆਨਾਂ ਉਤੇ ਅੱਜ ਵੀ ਕਾਇਮ ਹਾਂ। ਬਿਕਰਮਜੀਤ ਸਿੰਘ ਮਜੀਠੀਆ ਬਾਰੇ ਉਸ ਸਮੇਂ ਵੀ ਮੈਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਅਤੇ ਆਪਣੀ ਹੀ ਪਾਰਟੀ ਵਿੱਚ ਹੁੰਦਿਆਂ ਬਿਕਰਮ ਮਜੀਠੀਆ ਦਾ ਵਿਰੋਧ ਕੀਤਾ ਸੀ।
ਵੱਖ-ਵੱਖ ਸਿੱਟਾਂ ਬਣੀਆਂ ਪਰ ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ। ਖਡੂਰ ਪੁਲਿਸ ਸਟੇਸ਼ਨ ਵਿੱਚੋਂ ਜਿਮਨੀਆਂ ਗਾਇਬ ਕਰ ਦਿੱਤੀਆਂ ਗਈਆਂ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਜੋ ਬਿਆਨ ਪਹਿਲਾਂ ਸੀ ਉਹਨਾਂ ਬਿਆਨਾਂ ਉਤੇ ਅੱਜ ਵੀ ਕਾਇਮ ਹਾਂ ਪਰਮਾਤਮਾ ਉਤੇ ਯਕੀਨ ਹੈ ਇਸ ਮਾਮਲੇ ਵਿੱਚ ਇਨਸਾਫ ਮਿਲੇਗਾ।