Ludhiana News(ਤਰਸੇਮ ਭਾਰਦਵਾਜ): ਲੁਧਿਆਣਾ ਦੇ ਜਮਾਲਪੁਰ ਥਾਣੇ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਪੀਏ ਬਣ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਪੁਲਿਸ ਨੇ ਬਾਕੀ ਮੁਲਜ਼ਮਾਂ ਵਿਰੁਧ ਵੀ ਮਾਮਲਾ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕੰਮ ਕਰਵਾਉਣ ਦੇ ਬਦਲੇ ਲੋਕਾਂ ਤੋਂ ਪੈਸੇ ਲੈਂਦਾ ਸੀ। ਜਿਸ ਕਾਰਨ ਪੀੜਤ ਨੇ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਕੀਤੀ।
ਪੁਲਿਸ ਅੱਜ ਇਸ ਮਾਮਲੇ ਵਿਚ ਪ੍ਰੈੱਸ ਕਾਨਫ਼ਰੰਸ ਵੀ ਕਰੇਗੀ। ਜਾਣਕਾਰੀ ਅਨੁਸਾਰ ਮੁਲਜ਼ਮ ਕੁਲਦੀਪ ਸਿੰਘ ਨੇ ਵਰਿੰਦਰ ਪ੍ਰਾਪਰਟੀ ਡੀਲਰ ਤੋਂ ਕੁੱਝ ਕੰਮ ਕਰਵਾਉਣ ਦੇ ਬਦਲੇ 3 ਲੱਖ ਰੁਪਏ ਲਏ ਸਨ। ਜਿਸ ਤੋਂ ਬਾਅਦ, ਜਦੋਂ ਪੀੜਤ ਨੂੰ ਮੁਲਜ਼ਮ ਬਾਰੇ ਪਤਾ ਲੱਗਾ ਤਾਂ ਉਸ ਨੇ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਅੱਜ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਵਰਿੰਦਰ ਨੇ ਦੋਸ਼ ਲਗਾਇਆ ਹੈ ਕਿ ਕਿਸੇ ਨੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ ਧੋਖਾ ਕੀਤਾ ਹੈ। ਉਹ ਇਸ ਮਾਮਲੇ ਸਬੰਧੀ ਅਪਣੇ ਦੋਸਤ ਬਿੱਟੂ ਭਾਟੀਆ ਰਾਹੀਂ ਸੰਪਰਕ ਵਿਚ ਆਇਆ।
ਪੀੜਤ ਦਾ ਦੋਸ਼ ਹੈ ਕਿ ਉਸ ਦਾ ਕੁਲਦੀਪ ਨਾਲ 5 ਲੱਖ ਰੁਪਏ ਵਿਚ ਸੌਦਾ ਹੋਇਆ ਸੀ। ਜਿਸ ਵਿਚ ਉਸ ਨੇ 3 ਲੱਖ ਰੁਪਏ ਦਿਤੇ ਸਨ, ਪਰ ਬਾਅਦ ਵਿਚ ਪਤਾ ਲੱਗਾ ਕਿ ਕੁਲਦੀਪ ਕੈਬਨਿਟ ਮੰਤਰੀ ਦਾ ਪੀਏ ਨਹੀਂ ਸੀ। ਪੁਲਿਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਨੇ ਹੁਣ ਤਕ ਕਿੰਨੇ ਲੋਕਾਂ ਨਾਲ ਧੋਖਾ ਕੀਤਾ ਹੈ।
ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸਨੂੰ ਥਾਣਾ ਮੁਖੀ ਅਤੇ ਡੀਐਸਪੀ ਨੇ ਇਸਦੇ ਬਾਰੇ ਦੱਸਿਆ ਸੀ, ਜਿਸਤੋਂ ਬਾਅਦ ਉਨ੍ਹਾਂ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ। ਮੰਤਰੀ ਮੁੰਡੀਆ ਨੇ ਦੱਸਿਆ ਕਿ ਮੁਲਜਮ ਨੂੰ ਉਹ ਜਾਣਦਾ ਨਹੀਂ ਹੈ ਤੇ ਨਾਂ ਹੀ ਕਦੇ ਸੰਪਰਕ ਵਿਚ ਰਿਹਾ ਹੈ। ਫ਼ਿਲਹਾਲ ਪੁਲਿਸ ਨੇ ਮੁਲਜਮ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਮੁਲਜਮ ਨੇ ਹੋਰ ਕਿੰਨੇ ਵਿਅਕਤੀਆਂ ਨਾਲ ਠੱਗੀ ਮਾਰੀ ਹੈ।