ICC ODI Rankings: ICC ਚੈਂਪੀਅਨਜ਼ ਟਰਾਫੀ 2025 ਸ਼ੁਰੂ ਹੋ ਗਈ ਹੈ। ਪਰ ਇਸ ਤੋਂ ਠੀਕ ਪਹਿਲਾਂ, ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਵਨਡੇ ਰੈਂਕਿੰਗ ਵਿੱਚ ਆਪਣਾ ਤਾਜ ਗੁਆ ਦਿੱਤਾ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਹੁਣ ਆਈਸੀਸੀ ਵਨਡੇ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਬਾਬਰ ਆਜ਼ਮ ਪਿਛਲੇ ਕਈ ਮਹੀਨਿਆਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ, ਜਿਸ ਕਾਰਨ ਉਹ ਹੁਣ ਆਈਸੀਸੀ ਰੈਂਕਿੰਗ ਵਿੱਚ ਸ਼ੁਭਮਨ ਗਿੱਲ ਤੋਂ ਪਿੱਛੇ ਰਹਿ ਗਏ ਹਨ। ਹੁਣ ਦੋਵਾਂ ਵਿਚਕਾਰ 2025 ਦੀ ਚੈਂਪੀਅਨਜ਼ ਟਰਾਫੀ ਵਿੱਚ ਇੱਕ ਦਿਲਚਸਪ ਦੌੜ ਦੇਖਣ ਨੂੰ ਮਿਲੇਗੀ।
ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ
ਹਾਲ ਹੀ ਵਿੱਚ, ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਿੱਲ ਨੇ ਇੱਕ ਮੈਚ ਵਿੱਚ 87 ਦੌੜਾਂ ਅਤੇ ਇੱਕ ਹੋਰ ਮੈਚ ਵਿੱਚ 112 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ, ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਤਿਕੋਣੀ ਲੜੀ ਵਿੱਚ ਫਲਾਪ ਦਿਖਾਈ ਦਿੱਤੇ। ਹੁਣ ਸਾਰਿਆਂ ਦੀਆਂ ਨਜ਼ਰਾਂ 2025 ਦੀ ਚੈਂਪੀਅਨਜ਼ ਟਰਾਫੀ ਵਿੱਚ ਬਾਬਰ ਦੇ ਪ੍ਰਦਰਸ਼ਨ 'ਤੇ ਹੋਣਗੀਆਂ। ਪਾਕਿਸਤਾਨ ਟੀਮ ਆਪਣਾ ਪਹਿਲਾ ਮੈਚ ਕਰਾਚੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡ ਰਹੀ ਹੈ।
ਗੇਂਦਬਾਜ਼ੀ ਵਿੱਚ ਨੰਬਰ 1 ਕੌਣ ?
ਤਾਜ਼ਾ ਅਪਡੇਟ ਕੀਤੀ ਗਈ ਆਈਸੀਸੀ ਵਨਡੇ ਰੈਂਕਿੰਗ ਵਿੱਚ, ਸ਼੍ਰੀਲੰਕਾ ਦੇ ਸਪਿਨਰ ਮਹੇਸ਼ ਥੀਕਸ਼ਾਣਾ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ 'ਤੇ ਪਹੁੰਚ ਗਏ ਹਨ। ਉਸਨੇ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੂੰ ਹਰਾ ਕੇ ਪਹਿਲੀ ਵਾਰ ਨੰਬਰ-1 ਦਾ ਤਾਜ ਜਿੱਤਿਆ ਹੈ। ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਰੈਂਕਿੰਗ ਦੇ ਸਿਖਰ 'ਤੇ ਇਹ ਇੱਕ ਵੱਡਾ ਬਦਲਾਅ ਹੈ। ਚੈਂਪੀਅਨਜ਼ ਟਰਾਫੀ ਟੂਰਨਾਮੈਂਟ 9 ਮਾਰਚ ਤੱਕ ਚੱਲੇਗਾ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੋਈ ਇਨ੍ਹਾਂ ਦੋਵਾਂ ਦਿੱਗਜਾਂ ਦੀ ਜਗ੍ਹਾ ਲੈ ਸਕਦਾ ਹੈ ਜਾਂ ਨਹੀਂ।
ਗਿੱਲ ਦੂਜੀ ਵਾਰ ਨੰਬਰ-1 ਬਣਿਆ
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੂਜੀ ਵਾਰ ਨੰਬਰ-1 ਬਣੇ ਹਨ। ਭਾਵੇਂ ਬਾਬਰ ਨੂੰ ਇਸ ਰੈਕਿੰਗ ਵਿੱਚ ਪਿਛੜ ਗਿਆ ਹੈ, ਪਰ ਉਹ ਗਿੱਲ ਤੋਂ ਸਿਰਫ਼ 23 ਰੇਟਿੰਗ ਅੰਕ ਪਿੱਛੇ ਹੈ, ਜਦੋਂ ਕਿ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਤੀਜੇ ਸਥਾਨ 'ਤੇ ਬਣੇ ਹੋਏ ਹਨ। ਜੇਕਰ ਬਾਬਰ ਅਤੇ ਰੋਹਿਤ ਆਈਸੀਸੀ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਗਿੱਲ ਹੇਠਾਂ ਖਿਸਕ ਸਕਦਾ ਹੈ।