Amritsar News: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸੱਦੇ ਉਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਪੇਸ਼ ਹੋਏ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਜਥੇਦਾਰ ਅੱਗੇ ਪੇਸ਼ ਹੋਏ। ਜਥੇਦਾਰ ਨੇ ਹੁਕਮ ਦਿੱਤਾ ਕਿ 41 ਦਿਨਾਂ ਵਿੱਚ ਉਹ ਮੈਂਬਰ ਅੰਮ੍ਰਿਤ ਛਕਣ ਜਿਨਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਤੇ ਇਸ ਇਲਾਵਾ ਦਾੜ੍ਹੀ ਰੰਗਣਾ ਬੰਦ ਕਰਨ। ਜਥੇਦਾਰ ਨੇ 1 ਸਤੰਬਰ ਤੱਕ ਸਾਰੇ ਮੈਂਬਰ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਇਕ ਸਤੰਬਰ ਤੋਂ ਬਾਅਦ ਨਿਯਮਾਂ ਨੂੰ ਯਕੀਨੀ ਬਣਾਉਣ ਵਾਲੇ ਮੈਂਬਰ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਜਥੇਦਾਰ ਨੇ ਦੱਸਿਆ ਕਿ 20 ਮੈਂਬਰ ਪੇਸ਼ ਹੋਏ 11 ਗੈਰ ਹਾਜ਼ਰ ਰਹੇ। ਜਥੇਦਾਰ ਸਾਹਿਬ ਨੇ 1 ਅਗਸਤ ਨੂੰ ਬਾਕੀ ਮੈਂਬਰਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਹੈ। ਜਥੇਦਾਰ ਨੇ ਦੱਸਿਆ ਕਿ ਕਈ ਮੈਂਬਰ ਚੀਫ ਖਾਲਸਾ ਦੀਵਾਨ ਦੇ ਗੈਰ ਅੰਮ੍ਰਿਤਧਾਰੀ ਹਨ। ਜਥੇਦਾਰ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਕੋਈ ਨਿੱਜੀ ਸੰਸਥਾ ਨਹੀਂ ਪੰਥਕ ਸੰਸਥਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਈਮੇਲਸ ਭੇਜ ਕੇ ਸੰਗਤ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਖ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ।
ਉਨ੍ਹਾਂ ਕਿਹਾ ਕਿ ਸਮੂਹ ਮੈਂਬਰ 41 ਦਿਨਾਂ ਦੇ ਅੰਦਰ 1 ਸਤੰਬਰ ਤੱਕ ਅੰਮ੍ਰਿਤਧਾਰੀ ਹੋ ਕੇ ਗੁਰਮਤਿ ਅਨੁਸਾਰ ਕੰਮ ਕਰਨਗੇ। ਚੀਫ਼ ਖ਼ਾਲਸਾ ਦੀਵਾਨ ਦਾ ਕੋਈ ਵੀ ਮੈਂਬਰ ਦਾੜ੍ਹੀ ਨਾ ਰੰਗਦਾ ਹੋਵੇ ਅਤੇ ਨਾ ਹੀ ਦਾੜ੍ਹੀ ਵਿਚ ਕੁੰਡਲ ਪਾਉਂਦਾ ਹੋਵੇ ਕਿਉਂਕਿ ਇਹ ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਦੇ ਜਿਹੜੇ ਕਾਰਜਕਾਰੀ ਮੈਂਬਰ ਅੱਜ ਇਕੱਤਰਤਾ ਵਿਚ ਨਹੀਂ ਪਹੁੰਚੇ ਉਨ੍ਹਾਂ ਨੂੰ 1 ਅਗਸਤ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਆਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਚੀਫ਼ ਖ਼ਾਲਸਾ ਦੀਵਾਨ ਦਾ ਕੋਈ ਮੈਂਬਰ 1 ਸਤੰਬਰ ਤੱਕ ਅੰਮ੍ਰਿਤਧਾਰੀ ਨਹੀਂ ਹੁੰਦਾ ਤਾਂ ਸੰਸਥਾ ਉਸਦੀ ਮੈਂਬਰਸ਼ਿਪ ਖਤਮ ਕਰੇਗੀ। ਉਨ੍ਹਾਂ ਕਿਹਾ ਕਿ ਸੰਸਥਾ ਦੇ ਮੈਂਬਰਾਂ ਦੀ ਸੁਧਾਈ ਕਰਨ ਅਤੇ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਇਹ ਆਦੇਸ਼ ਕੀਤਾ ਗਿਆ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਵਿਧਾਨ ਅਤੇ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿਚ ਕੋਈ ਵੀ ਗੁਰਮਤਿ ਦੇ ਉਲਟ ਕਾਰਜ ਨਹੀਂ ਕਰਨਗੇ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦਾ ਉਦਮ ਕਰਨਗੇ।
ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਨੂੰ ਆਦੇਸ਼ ਕੀਤਾ ਕਿ ਜੋ ਮਦ ਸੰਸਥਾ ਦੇ ਵਿਧਾਨ ਵਿਚ ਅੰਮ੍ਰਿਤਧਾਰੀ ਮੈਂਬਰ ਹੋਣ ਦੀ ਸੁਹਿਰਦ ਸਿੱਖਾਂ ਵੱਲੋਂ ਨਿਯਮ ਬਣਾਉਣ ਸਮੇਂ ਦਰਜ ਕੀਤੀ ਗਈ ਹੈ, ਉਹ ਕਦੇ ਵੀ ਖਤਮ ਨਹੀਂ ਕੀਤੀ ਜਾ ਸਕਦੀ।
ਸ਼ਤਾਬਦੀਆਂ ਮਨਾਉਣ ਉਤੇ ਜਥੇਦਾਰ ਦਾ ਬਿਆਨ
ਸ਼ਤਾਬਦੀਆਂ ਮਨਾਉਣ ਨੂੰ ਲੈ ਕੇ ਜਥੇਦਾਰ ਨੇ ਕਿਹਾ ਕਿ ਜਿਹੜੇ ਪਹਿਲੇ ਸਰਕਾਰ ਦੇ ਕੰਮ ਹਨ ਪਹਿਲਾਂ ਉਹ ਪੂਰੇ ਕਰਨ। ਸ਼ਤਾਬਦੀਆਂ ਮਨਾਉਣਾ ਕੋਈ ਫੋਰਮੈਲਟੀ ਨਹੀਂ ਹੈ। ਭਗਵੰਤ ਮਾਨ ਸੀਐਮ ਪੰਜਾਬ ਪਹਿਲਾਂ ਖੁਦ ਅੰਮ੍ਰਿਤ ਛਕਣ ਫਿਰ ਪੰਥਕ ਮਾਮਲਿਆਂ ਵਿੱਚ ਦਖਲ ਦੇਣ।