Prem Singh Chandumajra (ਸੱਤਪਾਲ ਗਰਗ): ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਵਿੱਚ ਲੋਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਲੋਕ ਸਭਾ ਮੈਂਬਰ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 31 ਮਾਰਚ ਨੂੰ ਸਮਾਣਾ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉਤੇ 31 ਮਾਰਚ ਨੂੰ ਸਮਾਣਾ ਦੇ ਇੱਕ ਪੈਲੇਸ ਵਿੱਚ ਅਕਾਲੀ ਦਲ ਦੀ ਭਰਤੀ ਲਈ ਬਣੀ 5 ਮੈਂਬਰੀ ਕਮੇਟੀ ਜਿੱਥੇ ਪੁੱਜ ਰਹੀ ਹੈ ਉੱਥੇ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਤੇ 1 ਅਪ੍ਰੈਲ ਨੂੰ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਵਰਕਰਾਂ ਨੂੰ ਸੱਦਾ ਦੇਣ ਲਈ ਉਹ ਪਾਤੜਾਂ ਇਲਾਕੇ ਦੇ ਵਰਕਰਾਂ ਕੋਲ ਪੁੱਜੇ ਹਨ।
ਉਨ੍ਹਾਂ ਕਿਹਾ ਕਿ ਖਾਲਸਾ ਪੰਥ ਅਤੇ ਪੰਥਕ ਸੰਸਥਾਵਾਂ ਵਿੱਚ ਆਪਸੀ ਖਾਨਾਜੰਗੀ ਦਾ ਚੱਲ ਰਿਹਾ ਮਾਹੌਲ ਹੈ ਬਹੁਤ ਹੀ ਮੰਦਭਾਗਾ ਹੈ। ਪਹਿਲੀ ਵਾਰ ਹੋਇਆ ਕਿ ਹੋਲੋ-ਮਹੱਲੇ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਅਤੇ ਨਾ ਹੀ ਅਕਾਲੀ ਦਲ ਦਾ ਪ੍ਰਧਾਨ ਅਤੇ ਨਾਂ ਹੀ ਕਿਸੇ ਤਖਤ ਦਾ ਕੋਈ ਜਥੇਦਾਰ ਮੌਜੂਦ ਸੀ ਅਤੇ ਤਿੰਨੇ ਮੁੱਖ ਸੰਸਥਾਵਾਂ ਦੇ ਮੁਖੀ ਵਿਵਾਦਾਂ ਵਿੱਚ ਘਿਰੇ ਹੋਏ ਸਨ। ਸਿੰਘ ਸਾਹਿਬਾਨ ਜਥੇਦਾਰ ਸਾਹਿਬਾਨ ਅਤੇ ਪੰਥਕ ਸੁਹਰਦ ਲੋਕਾਂ ਨੂੰ ਅਪੀਲ ਹੈ ਕਿ ਤਣਾਅ ਅਤੇ ਖਟਾਸ ਦੇ ਮਾਹੌਲ ਨੂੰ ਖਤਮ ਕਰਕੇ ਇਨ੍ਹਾਂ ਪੰਥਕ ਸੰਸਥਾਵਾਂ ਦੇ ਫੈਸਲੇ ਜਿੱਥੇ ਕੀਤੇ ਜਾਣ ਉੱਥੇ 2 ਦਸਬੰਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨ ਵੱਲੋਂ ਕੀਤਾ ਗਿਆ ਫੈਸਲਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਦਾ ਇੱਕ ਰਸਤਾ ਹੈ ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਜਿੱਥੇ ਕੁੱਝ ਲੋਕਾਂ ਨੇ ਇਸ ਨੂੰ ਤਾਰਪੀਡੋ ਕੀਤਾ ਹੈ।
ਕੁੱਝ ਅਕਾਲੀ ਦਲ ਦੀ ਬਿਖਰੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਨ ਉਤੇ ਉਂਗਲਾਂ ਚੁੱਕਣ ਵਾਲੇ ਅਤੇ ਅਕਾਲੀ ਦਲ ਨੂੰ ਲੀਹਾਂ ਤੋਂ ਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਪੰਥ ਲਈ ਇੱਕ ਦਿਨ ਵੀ ਜੇਲ੍ਹ ਨਹੀਂ ਕੱਟੀ ਅਤੇ ਨਾ ਹੀ ਕਿਸੇ ਸੰਘਰਸ਼ ਵਿੱਚ ਹਿੱਸਾ ਲਿਆ ਹੈ। ਜਦੋਂ ਕਿ ਜੇਲ੍ਹਾਂ ਕੱਟਣ ਵਾਲੇ ਲੋਕ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਫਿਕਰਮੰਦ ਹਨ ਤੇ ਉਨ੍ਹਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਅਕਾਲੀ ਦਲ ਦੀ ਭਰਤੀ ਵਿੱਚ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉਤੇ ਕੀਤੀ ਕਾਰਵਾਈ ਦੀ ਨਿੰਦਿਆਂ ਕੀਤੀ ਉਥੇ ਪੰਜਾਬ ਦੇ ਵਿਚੋਂ ਨਸ਼ਾ ਖਤਮ ਕਰਨ ਲਈ ਬੁਲਡੋਜ਼ਰ ਐਕਸ਼ਨ ਦੀ ਥਾਂ ਉਤੇ ਸਮਾਜ ਨੂੰ ਲਾਮਬੰਦ ਕਰਨ ਦੀ ਜ਼ਰੂਰਤ ਹੈ ਨਾ ਕਿ ਬਿਲਡਿੰਗ ਨੂੰ ਢਾਹ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ।