Akhara village News: ਜਗਰਾਓਂ ਨੇੜੇ ਅਖਾੜਾ ਪਿੰਡ ਵਿੱਚ ਅੱਜ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਭਾਰੀ ਟਕਰਾਅ ਹੋਇਆ। ਪਿੰਡ ਵਿੱਚ ਲੱਗ ਰਹੀਆਂ ਬਾਇੋਗੈਸ ਫੈਕਟਰੀਆਂ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਵਾਸੀ ਧਰਨੇ 'ਤੇ ਬੈਠੇ ਹੋਏ ਸਨ। ਇਸ ਧਰਨੇ ਨੂੰ ਖਤਮ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਯੋਜਨਾ ਬਣਾਈ ਗਈ ਸੀ।
ਪਿੰਡ ਵਿੱਚ ਕਰੀਬ 300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪਹਿਲਾਂ ਧਰਨਾ ਦੇ ਰਹੀਆਂ ਔਰਤਾਂ ਨੂੰ ਧਰਨਾ ਖਤਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਵਿਰੋਧ ਵਧਿਆ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਨਾਅਰੇਬਾਜ਼ੀ ਕਰ ਰਹੇ ਲੋਕਾਂ ਨੂੰ ਖੇਤਾਂ ਵੱਲ ਭਜਾ ਦਿੱਤਾ ਗਿਆ। ਕਾਰਵਾਈ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਈ ਕਿਸਾਨ ਆਗੂਆਂ ਨੂੰ ਡਿਟੇਨ ਵੀ ਕਰ ਲਿਆ ਗਿਆ ਸੀ।
ਪੁਲਿਸ ਨੇ ਧਰਨਾ ਸਥਲ 'ਤੇ ਲੱਗੇ ਟੈਂਟ ਅਤੇ ਸ਼ੈਡ ਨੂੰ ਵੀ ਹਟਾ ਦਿੱਤਾ, ਜਿਸ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਵੱਸ ਰਿਹਾ ਹੈ। ਕਿਸਾਨ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ ਕਈ ਪਿੰਡ ਵਾਸੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਕਿ ਉਹਨਾਂ ਨੂੰ ਕਿੱਥੇ ਲੈ ਜਾਇਆ ਗਿਆ ਹੈ।ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਪਿੰਡ ਵਿੱਚ ਹਫੜਾ-ਦਫੜੀ ਮਚ ਗਈ। ਗੁਰਦੁਆਰਾ ਸਾਹਿਬ ਵਿੱਚ ਵੀ ਐਲਾਨ ਕਰਵਾਉਣ ਤੇ ਰੋਕ ਲਗਾ ਦਿੱਤੀ ਗਈ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਫੈਕਟਰੀ ਬਣਨ ਨਹੀਂ ਦੇਣਗੇ।
ਪੁਲਿਸ ਵੱਲੋਂ ਪਿੰਡ ਵਾਸੀਆਂ ਦੇ ਟੈਂਟ ਅਤੇ ਹੋਰ ਸਮਾਨ, ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਦੱਸੀ ਜਾ ਰਹੀ ਹੈ, ਟਰੱਕਾਂ 'ਚ ਲੋਡ ਕਰ ਲਿਆ ਗਿਆ। ਪਿਛਲੇ ਇਕ ਸਾਲ ਤੋਂ ਚੱਲ ਰਿਹਾ ਧਰਨਾ ਅੱਜ ਜਬਰਦਸਤੀ ਖਤਮ ਕਰਵਾਇਆ ਗਿਆ। ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਪਿੰਡ ਵਾਸੀਆਂ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਦੇ ਲਈ ਲਾਠੀਚਾਰਜ ਵੀ ਕੀਤਾ। ਸਰਕਾਰ ਦੇ ਖਿਲਾਫ ਪਿੰਡ ਵਾਸੀਆਂ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਖਿਆ ਜਾ ਰਿਹਾ ਹੈ।