Patiala News: ਪਟਿਆਲਾ ਦੇ ਪਿੰਡ ਜਾਹਲਾ ਵਿੱਚ ਅੱਜ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਮਾਹੌਲ ਉਸ ਸਮੇਂ ਭਖ ਗਿਆ ਜਦੋਂ ਪ੍ਰਸ਼ਾਸਨ ਪਿੰਡ ਦੀ 18 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਲਈ ਸਾਧਨਾਂ ਦੇ ਨਾਲ ਪਿੰਡ ਵਿੱਚ ਪਹੁੰਚੇ। ਪਿੰਡ ਦੇ ਲੋਕਾਂ ਦੇ ਦੱਸਣ ਦੇ ਮੁਤਾਬਿਕ ਤਿੰਨ ਪੀੜ੍ਹੀਆਂ ਤੋਂ ਇਹ ਜ਼ਮੀਨ ਪਿੰਡ ਦੇ ਕਿਸਾਨ ਵਾਹ ਰਹੇ ਸਨ ਅਤੇ ਇਹ ਜ਼ਮੀਨ ਪਹਿਲਾਂ ਡੇਰੇ ਦੇ ਮਹੰਤਾਂ ਦੀ ਸੀ ਜਿਨ੍ਹਾਂ ਤੋਂ ਪਿੰਡ ਵਾਲੇ ਇਹ ਜ਼ਮੀਨ ਖੇਤੀ ਲਈ ਲੈਂਦੇ ਸਨ ਅਤੇ ਹੁਣ ਪਟਿਆਲਾ ਤੋਂ ਸਰਹੰਦ ਬਾਈਪਾਸ ਇਸ ਜ਼ਮੀਨ ਦੇ ਵਿੱਚੋਂ ਦੀ ਨਿਕਲਣ ਤੋਂ ਬਾਅਦ ਨਾ ਤਾਂ ਸਾਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਇਸ ਜ਼ਮੀਨ ਨੂੰ ਪ੍ਰਸ਼ਾਸਨ ਮਹੰਤ ਦੀ ਮੰਨ ਰਿਹਾ ਹੈ।
ਪਿੰਡ ਵਾਲਿਆਂ ਮੁਤਾਬਕ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਦੁਆਰਾ ਡੇਰੇ ਖਤਮ ਕਰਕੇ ਇਹ ਜ਼ਮੀਨ ਆਪਣੇ ਅਧੀਨ ਕਰ ਲਈ ਗਈ ਸੀ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਦੁਆਰਾ ਇਸ ਜ਼ਮੀਨ ਵਿੱਚ ਲਗਾਈ ਗਈ ਫਸਲ ਨੂੰ ਵੀ ਅੱਜ ਸਵੇਰੇ ਜੇਸੀਬੀਜ਼ ਦੇ ਨਾਲ ਪੁੱਟ ਦਿੱਤਾ ਗਿਆ।
ਸਵੇਰੇ ਪ੍ਰਸ਼ਾਸਨ ਦੇ ਦੁਆਰਾ ਤੜਕਸਰ ਜਦੋਂ ਇਹ ਕਾਰਵਾਈ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਧੱਕਾਮੁੱਕੀ ਵੀ ਹੋਈ। ਦੱਸ ਦੇਈਏ ਕਿ ਤਕਰੀਬਨ ਤਿੰਨ ਬੱਸਾਂ ਦੇ ਕਰੀਬ ਪੁਲਿਸ ਦੇ ਦੁਆਰਾ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖਿਆ ਗਿਆ ਹੈ। ਕਾਬਿਲੇਗੌਰ ਹੈ ਕਿ ਹੁਣ ਵੀ ਜ਼ਮੀਨ ਨੂੰ ਜਾਂਦੀ ਦੋਵੇਂ ਪਾਸੋਂ ਤੋਂ ਸੜਕ ਨੂੰ ਰੋਕ ਕੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਪਿੰਡ ਵਿੱਚ ਇਸ ਸਮੇਂ ਮਾਹੌਲ ਤਣਾਅਪੂਰਨ ਹੈ।
ਇਸ ਦਰਮਿਆਨ ਸੁਖਵਿੰਦਰ ਸਿੰਘ ਬਾਰਨ ਜ਼ਿਲ੍ਹਾ ਜਨਰਲ ਸਕੱਤਰ ਪਟਿਆਲਾ ਨੇ ਦੱਸਿਆ ਕਿ ਪਿੰਡ ਜਾਹਲਾਂ ਵਿੱਚ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੇ ਤਸ਼ੱਦਦ ਕੀਤਾ ਹੈ। ਬਾਈਪਾਸ ਬਣਾਉਣ ਨੂੰ ਲੈ ਕੇ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ। 18 ਏਕੜ ਜ਼ਮੀਨ ਬਾਈਪਾਸ ਲਈ ਮੰਗੀ ਜਾ ਰਹੀ ਹੈ ਤੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰਟ ਦੇ ਵਿੱਚ ਕਿਹਾ ਕਿ ਡੇਰਾਵਾਦ ਅਸੀਂ 1952 ਵਿੱਚ ਖਤਮ ਕਰ ਦਿੱਤਾ ਸੀ। ਪਹਿਲਾਂ ਵੀ ਅਕਸਰ ਡੇਰੇ ਦੇ ਮਹੰਤ ਆਤਮਾ ਰਾਮ ਅਤੇ ਕਿਸਾਨਾਂ ਵਿੱਚ ਇਸ ਜ਼ਮੀਨ ਨੂੰ ਲੈ ਕੇ ਝਗੜਾ ਚਲਦਾ ਰਹਿੰਦਾ ਤੇ ਹੁਣ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਨੋਟੀਫਿਕੇਸ਼ਨ ਦਿੱਤੇ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ 100 ਦੇ ਕਰੀਬ ਕਿਸਾਨ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਤੇ ਚਾਰ ਬੱਸਾਂ ਭਰ ਕੇ ਕਿਸਾਨਾਂ ਨੂੰ ਲੈ ਗਏ ਹਨ। ਕਿਸਾਨ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੁਝ ਕਿਸਾਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਜਿਨ੍ਹਾਂ ਦੀਆਂ ਵੀਡੀਓ ਵੀ ਆ ਰਹੀਆਂ ਹਨ।