Ludhiana News: ਲੁਧਿਆਣਾ ਦੇ ਹੈਬੋਵਾਲ ਇਲਾਕੇ ਦੀ ਦੁਰਗਾ ਕਲੋਨੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ। ਆਪਣੇ ਆਪ ਨੂੰ ਸ਼ਿਵ ਸੈਨਾ ਆਗੂ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਇੱਕ ਜੋੜੇ ਨੂੰ ਸੜਕ ਦੇ ਵਿਚਕਾਰ ਕੁੱਟਿਆ ਗਿਆ। ਉੱਥੇ ਮਜੂਦ ਕੁਝ ਪ੍ਰਤੱਖਦਰਸੀਆ ਨੇ ਲੜਾਈ ਦੀ ਵੀਡੀਓ ਆਪਣੇ ਮੋਬਾਇਲ ਵਿੱਚ ਬਣਾ ਲਈ ਉਹ ਵੀ ਸਾਹਮਣੇ ਆਈ ਹੈ।
ਗੰਭੀਰ ਹਾਲਤ ਵਿੱਚ ਔਰਤ ਨੂੰ ਸਿਵਲ ਹਸਪਤਾਲ ਇਲਾਜ ਲਈ ਭਾਰਤੀ ਕਰਵਾਇਆ ਗਿਆ ਲੜਾਈ ਵਿੱਚ ਉਸਦੇ ਪਤੀ ਦੇ ਸਿਰ ਵਿੱਚ ਵੀ ਸੱਟ ਲੱਗੀ ਹੈ। ਜ਼ਖ਼ਮੀਆਂ ਨੂੰ ਦੇਰ ਰਾਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਕੰਮ ਕਰਦਾ ਹਾਂ। ਮੇਰਾ ਪਰਿਵਾਰ ਦੁਰਗਾ ਕਲੋਨੀ ਵਿੱਚ ਰਹਿੰਦਾ ਹੈ। ਦੇਰ ਸ਼ਾਮ ਕੁਝ ਨੌਜਵਾਨਾਂ ਨੇ ਘਰ ਵਿਚ ਦਾਖਲ ਹੋ ਕੇ ਘਰ ਦਾ ਸਾਰਾ ਸਾਮਾਨ ਟਰੱਕ ਵਿਚ ਸੁੱਟ ਦਿੱਤਾ। ਮਹਿੰਦਰ ਦਾਸ ਅਨੁਸਾਰ ਜਿਸ ਮਕਾਨ ਵਿੱਚ ਉਹ 2006 ਤੋਂ ਰਹਿ ਰਿਹਾ ਸੀ, ਉਸ ਦੇ ਮਾਲਕ ਦੀ ਮੌਤ ਹੋ ਚੁੱਕੀ ਹੈ। ਮੇਰੇ ਪਰਿਵਾਰ ਨੇ ਮਕਾਨ ਮਾਲਕ ਔਰਤ ਦੀ ਦੇਖਭਾਲ ਕੀਤੀ। ਮਰਨ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਤੁਸੀਂ ਘਰ ਵਿੱਚ ਰਹੋ ਅਤੇ ਜਦੋਂ ਮੇਰਾ ਪੁੱਤਰ ਇੰਗਲੈਂਡ ਤੋਂ ਆਵੇ ਤਾਂ ਉਸ ਦੇ ਕਹਿਣ 'ਤੇ ਘਰ ਖਾਲੀ ਕਰ ਦੇਣਾ। ਪਰ ਬਚਨਾ ਨਾਂ ਦਾ ਵਿਅਕਤੀ ਕੁਝ ਲੋਕਾਂ ਨਾਲ ਆਉਂਦਾ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਘਰ ਉਸ ਦੀ ਮਾਸੀ ਦਾ ਹੈ। ਮਹਿੰਦਰ ਦਾਸ ਨੇ ਦੱਸਿਆ ਕਿ ਮਕਾਨ ਸਬੰਧੀ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ।
ਅੱਜ ਇਸੇ ਮਾਮਲੇ ਨੂੰ ਲੈ ਕੇ ਉਹ ਆਪਣੇ ਨਾਲ ਇੱਕ ਵਿਅਕਤੀ ਨੂੰ ਲੈ ਕੇ ਆਏ ਜੋ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਆਗੂ ਦੱਸਦਾ ਹੈ। ਜਿਨ੍ਹਾਂ ਨੇ ਮੇਰੇ ਘਰ ਦੀ ਭੰਨਤੋੜ ਕੀਤੀ। ਦੇਰ ਸ਼ਾਮ ਜਦੋਂ ਮੈਂ ਉਸ ਨਾਲ ਗੱਲ ਕਰਨ ਲਈ ਗਲੀ ਵਿੱਚ ਆਇਆ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੀ ਪਤਨੀ ਦੀ ਸੜਕ ਵਿਚਕਾਰ ਕੁੱਟਮਾਰ ਕੀਤੀ। ਸ਼ਿਕਾਇਤ ਕਰਨ ਲਈ ਥਾਣਾ ਹੈਬੋਵਾਲ ਗਏ ਪਰ ਪੁਲੀਸ ਨੇ ਕੋਈ ਸੁਣਵਾਈ ਨਹੀਂ ਕੀਤੀ।
ਜ਼ਖਮੀ ਔਰਤ ਨੇ ਦੱਸਿਆ ਕਿ ਗੁੰਡਿਆਂ ਨੇ ਘਰ ''ਚ ਦਾਖਲ ਹੋ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਅਸੀਂ 20 ਸਾਲਾਂ ਤੋਂ ਘਰ ਵਿੱਚ ਰਹਿ ਰਹੇ ਹਾਂ। ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਪਰ ਗੁੰਡੇ ਘਰ ਨੂੰ ਦਬਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨਸਾਫ਼ ਦਿਵਾਇਆ ਜਾਵੇ। ਪਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।