Amritsar News: ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਨੁੱਖ ਰਹਿਤ ਹਵਾਈ ਵਾਹਨਾਂ (UAVs), ਜਿਨ੍ਹਾਂ ਨੂੰ ਆਮ ਤੌਰ 'ਤੇ ਡ੍ਰੋਨ ਕਿਹਾ ਜਾਂਦਾ ਹੈ, ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਆਪਣੇ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਇਹ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਇੱਕ ਸੰਭਾਵੀ ਖ਼ਤਰਾ ਪੈਦਾ ਕਰਦੀ ਹੈ।
ਇਸ ਤੋਂ ਇਲਾਵਾ ਇਹ ਕੁਝ ਸਮਾਜ ਵਿਰੋਧੀ ਤੱਤ ਜਾਂ ਸ਼ਰਾਰਤੀ ਅਨਸਰ ਨਿਗਰਾਨੀ, ਤਸਕਰੀ, ਸੰਵੇਦਨਸ਼ੀਲ ਸਥਾਪਨਾਵਾਂ ਦੀ ਫੋਟੋਗ੍ਰਾਫੀ, ਸ਼ਾਂਤੀ ਲਈ ਨੁਕਸਾਨਦੇਹ ਹੋਰ ਗਤੀਵਿਧੀਆਂ ਲਈ ਅਜਿਹੇ ਡਰੋਨ ਦੀ ਦੁਰਵਰਤੋਂ ਕਰ ਸਕਦੇ ਹਨ। ਇਸ ਲਈ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਆਧਾਰ 'ਤੇ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹਨਾਂ 'ਤੇ ਪਾਬੰਦੀ ਲਗਾਉਂਦੀ ਹਾਂ।
ਇਹ ਪਾਬੰਦੀ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ, ਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਹਥਿਆਰਬੰਦ ਬਲਾਂ, ਜਾਂ ਕਿਸੇ ਹੋਰ ਸਰਕਾਰੀ ਏਜੰਸੀਆਂ ਦੁਆਰਾ ਸਰਕਾਰੀ ਡਿਊਟੀਆਂ ਲਈ ਚਲਾਏ ਜਾਣ ਵਾਲੇ ਡ੍ਰੋਨ ਉੱਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਅਧਿਕਾਰਤ ਕਿਸੇ ਵੀ ਅਧਿਕਾਰੀ ਤੋਂ ਪਹਿਲਾਂ ਲਿਖਤੀ ਇਜਾਜ਼ਤ ਨਾਲ ਵਰਤੇ ਜਾਣ ਵਾਲੇ ਡ੍ਰੋਨ ਉੱਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਇਸ ਹੁਕਮ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਅਤੇ ਹੋਰ ਲਾਗੂ ਕਾਨੂੰਨਾਂ ਦੇ ਉਪਬੰਧਾਂ ਅਧੀਨ ਦੰਡਕਾਰੀ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ।
ਦੂਜੇ ਪਾਸੇ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਲਗਾਤਾਰ ਹੀ ਰਾਤ ਨੂੰ ਬਲੈਕ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਵੱਲੋਂ ਕੋਸ਼ਿਸ਼ਾਂ ਭਾਰਤ ਵਿੱਚ ਕੀਤੀਆਂ ਜਾ ਰਹੀਆਂ ਹਨ ਤੇ ਡਰੋਨ ਅਟੈਕ ਵੀ ਕੀਤੇ ਜਾ ਰਹੇ ਹਨ। ਹਾਲਾਂਕਿ ਭਾਰਤ ਦੇ ਡਿਫੈਂਸ ਸਿਸਟਮ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਹਵਾ ਵਿੱਚ ਹੀ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਈਲ ਨਸ਼ਟ ਕੀਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉਤੇ ਵਡਾਲਾ ਭਿੱਟੇਵੱਢ ਪਿੰਡ ਦੇ ਵਿੱਚ ਇੱਕ ਘਰ ਵਿੱਚ ਡਰੋਨ ਅਟੈਕ ਹੋਇਆ ਅਤੇ ਇਸ ਡਰੋਨ ਅਟੈਕ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਉੱਥੇ ਹੀ ਘਰ ਦੇ ਮਾਲਕ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਡਰੋਨ ਅਟੈਕ ਹੋਇਆ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਹਾਦਸਾ ਹੋਣ ਤੋਂ 15-20 ਮਿੰਟ ਵਿੱਚ ਹੀ ਆਰਮੀ ਦੇ ਅਧਿਕਾਰੀ ਪਹੁੰਚ ਗਏ ਸਨ ਅਤੇ ਉਨ੍ਹਾਂ ਵੱਲੋਂ ਡਰੋਨ ਦੇ ਸਾਰੇ ਪਾਰਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।