Punjab News: ਪੁਰਾਣੇ ਸਮੇਂ ਚ ਵੱਖ ਵੱਖ ਪਿੰਡਾਂ ਚ ਦੇਸੀ ਗੁੜ ਘੁਲਾੜੇ ਆਮ ਦੇਖਣ ਨੂੰ ਮਿਲਦੇ ਸਨ। ਜਿੱਥੇ ਲੋਕਾਂ ਦੀ ਭੀੜ ਹਮੇਸ਼ਾ ਹੁੰਦੀ ਸੀ। ਹਰ ਪਿੰਡ ਚ ਪਾਏ ਜਾਣ ਵਾਲੇ ਦੇਸੀ ਗੁੜ ਦੇ ਘਲਾੜੇ ਹੁਣ ਆਪਣੀ ਮਹੱਤਤਾ ਖੋਹ ਰਹੇ ਹਨ ਮਗਰ ਅੱਜ ਵੀ ਕਈ ਐਸੇ ਕਿਸਾਨ ਹਨ ਜਿਹਨਾਂ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ ਹੈ । ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਿੱਕੂਵਾਲ ਦੇ ਧਰਮ ਸਿੰਘ ਨਿੱਕੂਵਾਲ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅੱਜ ਵੀ ਘੁਲਾੜ ਚਲਾ ਰਹੇ ਹਨ ਜਿਸਦੇ ਵਿੱਚ ਓਹਨਾ ਦੇ ਬੱਚੇ ਵੀ ਓਹਨਾ ਦਾ ਸਾਥ ਦੇ ਰਹੇ ਹਨ ।
ਅੱਜ ਦੇ ਆਧੁਨਿਕ ਦੌਰ ਵਿੱਚ ਲੋਕਾਂ ਦਾ ਝੁਕਾਵ ਚੀਨੀ ਵੱਲ ਜਿਆਦਾ ਹੋ ਗਿਆ ਤੇ ਗੁੜ ਦੀ ਪਹੁੰਚ ਲੋਕਾਂ ਤੱਕ ਘੱਟ ਗਈ। ਲੇਕਿਨ ਹੁਣ ਹੌਲੀ ਹੌਲੀ ਲੋਕਾਂ ਦਾ ਝੁਕਾਅ ਦੇਸੀ ਤੇ ਸ਼ੁੱਧ ਗੁੜ ਵੱਲ ਹੋ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਿੱਕੂਵਾਲ ਵਿਖੇ ਘੁਲਾੜ ਦਾ ਦੇਸੀ ਗੁੜ ਬਣਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪਿਛਲੇ ਕੁਛ ਸਾਲਾਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਿੱਕੂਵਾਲ ਵਿਖੇ ਘੁਲਾੜੇ ਦਾ ਦੇਸੀ ਗੁੜ ਬਣਾਉਣ ਦਾ ਕੰਮ ਜਾਰੀ ਹੈ।
ਕਿਸਾਨ ਧਰਮ ਸਿੰਘ ਜਿੱਥੇ ਆਪਣੇ ਖੇਤ ਦੀ ਫਸਲ ਤੋਂ ਸ਼ੁੱਧ ਦੇਸੀ ਗੁੜ ਬਣਾ ਉਸ ਨੂੰ ਵੇਚ ਕੇ ਸ਼ੁੱਧਤਾ ਦੀ ਮਿਸਾਲ ਕਾਇਮ ਕਰ ਰਿਹਾ ਹੈ। ਉੱਥੇ ਹੀ ਉਹ ਕਾਫੀ ਮੁਨਾਫਾ ਵੀ ਕਮਾ ਰਿਹਾ ਹੈ। ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰਦਿਆਂ ਕਿਸਾਨ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਗੰਨੇ ਦੀ ਫਸਲ ਪੈਦਾ ਕਰਕੇ ਘੁਲਾੜੇ ਤੇ ਦੇਸੀ ਗੁੜ ਬਣਾਉਂਦਾ ਹੈ। ਕਿਸਾਨ ਨੇ ਦੱਸਿਆ ਹਰ ਰੋਜ਼ ਇੱਕ ਕੁਇੰਟਲ ਸ਼ੁੱਧ ਗੁੜ ਬਣਾਇਆ ਜਾਂਦਾ ਹੈ ਜਿਸ ਨੂੰ ਵੇਚਕੇ ਉਹ ਚੰਗਾ ਮੁਨਾਫਾ ਕਮਾ ਰਿਹਾ ਹੈ । ਉਨਾਂ ਕਿਹਾ ਕਿ ਅੱਜ ਕੱਲ੍ਹ ਹਰ ਚੀਜ਼ ਚ ਮਿਲਾਵਟੀ ਪਦਾਰਥ ਪਾਏ ਜਾਂਦੇ ਨੇ ਜੋ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ ।
ਉਨਾਂ ਕਿਹਾ ਕਿ ਬਾਜ਼ਾਰ ਵਿੱਚ ਹਾਲਾਂਕਿ ਗੁੜ ਮਿਲ ਜਾਂਦਾ ਹੈ ਪਰ ਉਸ ਦੀ ਸ਼ੁੱਧਤਾ ਤੇ ਵੀ ਸਵਾਲਿਆ ਚਿੰਨ ਬਣਿਆ ਹੋਇਆ ਹੈ। ਉਨਾਂ ਦੇ ਦੱਸਣ ਦੇ ਮੁਤਾਬਿਕ ਹਾਲਾਂਕਿ ਉਨਾਂ ਦਾ ਗੁੜ ਬਾਜ਼ਾਰ ਨਾਲੋਂ ਮਹਿੰਗਾ ਹੈ ਪਰ ਫਿਰ ਵੀ ਉਨਾਂ ਦਾ ਗੁੜ ਜੋ ਇੱਕ ਵਾਰੀ ਲੈ ਜਾਂਦਾ ਹੈ ਉਹ ਬਾਰ ਬਾਰ ਲੈਣ ਆਉਂਦਾ ਹੈ ਇਥੋਂ ਤੱਕ ਕਿ ਆਪਣੇ ਲਈ ਵੀ ਨਹੀਂ ਬਚਦਾ। ਉਨਾਂ ਅੱਜ ਦੀ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਕੁਝ ਨੌਜਵਾਨ ਪੀੜੀ ਜੇਕਰ ਪੰਜਾਬ ਰਹਿ ਕੇ ਹੀ ਸਹਾਇਕ ਧੰਦਿਆਂ ਨੂੰ ਅਪਣਾਵੇ ਤਾਂ ਮੇਰੇ ਵਾਂਗ ਹੀ ਮਹੀਨਾ ਵਾਰ ਮੋਟੀ ਆਮਦਨ ਕਮਾਈ ਜਾ ਸਕਦੀ ਹੈ।