Home >>Punjab

Punjab News: ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼

Punjab News: ਪੰਜਾਬ ਦੇ ਵਿੱਤ ਮੰਤਰੀ ਮਿਡ-ਡੇ-ਮੀਲ ਕੁੱਕ ਦੀ ਤਨਖਾਹ ਨੂੰ ਲੈ ਕੇ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਹਨ।

Advertisement
Punjab News: ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼
Ravinder Singh|Updated: Dec 26, 2023, 05:34 PM IST
Share

ਚੰਡੀਗੜ੍ਹ (ਰੋਹਿਤ ਬਾਂਸਲ): ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਮਿਡ-ਡੇ-ਮੀਲ ਕੁੱਕਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਿੱਖਿਆ ਤੇ ਵਿੱਤ ਵਿਭਾਗਾਂ ਦੇ ਅਧਿਕਾਰੀਆਂ ਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਵੇ ਜੋ ਮਿਡ-ਡੇ-ਮੀਲ ਕੁੱਕਾਂ ਦੀ ਤਨਖ਼ਾਹ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਅਧਿਐਨ ਕਰਕੇ ਆਪਣੀ ਰਿਪੋਰਟ ਪੇਸ਼ ਕਰੇ ਤਾਂ ਜੋ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਬਾਰੇ ਫ਼ੈਸਲਾ ਜਲਦੀ ਤੋਂ ਜਲਦੀ ਲਿਆ ਜਾ ਸਕੇ।

ਸੁਖਾਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਿਡ-ਡੇ-ਮੀਲ ਕੁੱਕ ਯੂਨੀਅਨਾਂ ਵੱਲੋਂ ਉਠਾਈਆਂ ਮੰਗਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਵਿੱਤ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਬੈਂਕਾਂ ਜਾਂ ਬੀਮਾ ਕੰਪਨੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਬੀਮਾ ਪਾਲਿਸੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜੋ ਮਿਡ-ਡੇ-ਮੀਲ ਕੁੱਕਾਂ ਨੂੰ ਸਿਹਤ ਅਤੇ ਜੀਵਨ ਬੀਮਾ ਦੋਵੇਂ ਮੁਹੱਈਆ ਕਰਵਾ ਸਕਣ।

ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਲਈ ਕੁੱਕਾਂ ਦੀ ਨਿਯੁਕਤੀ ਬਾਰੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਉਨ੍ਹਾਂ ਕੁੱਕਾਂ ਨੂੰ ਪਹਿਲ ਦਿੱਤੀ ਜਾਵੇ ਜਿਨ੍ਹਾਂ ਕੋਲ ਇਸ ਸਕੀਮ ਤਹਿਤ ਪਹਿਲਾਂ ਕੰਮ ਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਲਾਭ ਉਨ੍ਹਾਂ ਮਿਡ-ਡੇ-ਮੀਲ ਕੁੱਕਾਂ ਨੂੰ ਹੋਵੇਗਾ ਜਿਨ੍ਹਾਂ ਨੂੰ ਵਿਆਹ ਜਾਂ ਕਿਸੇ ਹੋਰ ਠੋਸ ਕਾਰਨ ਕਰਕੇ ਸਕੂਲ ਬਦਲਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਇੰਨ੍ਹਾਂ ਕੁੱਕਾਂ ਦੀਆਂ ਚੋਣ ਡਿਊਟੀਆਂ ਲਗਾਉਣ ਦੀ ਸੂਰਤ ਵਿੱਚ ਭੁਗਤਾਨ ਸਿੱਧਾ ਇੰਨ੍ਹਾਂ ਦੇ ਖਾਤਿਆਂ ਵਿੱਚ ਯਕੀਨੀ ਬਨਾਉਣ ਲਈ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾਵੇ। ਕੁੱਕ ਦੇ ਛੁੱਟੀ 'ਤੇ ਚਲੇ ਜਾਣ ਦੀ ਸੂਰਤ ਵਿੱਚ ਮਿਡ-ਡੇ-ਮੀਲ ਤਿਆਰ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੀ ਸਥਿਤੀ ਵਿੱਚ ਸਕੂਲ ਕਮੇਟੀਆਂ ਕੋਲ ਮੌਜੂਦ ਫੰਡਾਂ ਵਿੱਚੋਂ ਦਿਹਾੜੀ ਤੇ ਕੁੱਕ ਦਾ ਪ੍ਰਬੰਧ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇ।

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਮਿਡ-ਡੇ ਮੀਲ ਕੁੱਕਾਂ ਲਈ ਐਪਰਨ, ਟੋਪੀ, ਦਸਤਾਨੇ ਆਦਿ ਦਾ ਪ੍ਰਬੰਧ ਕਰਨ ਲਈ ਵੀ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਸਕੱਤਰ, ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਵਿਨੈ ਬੁਬਲਾਨੀ, ਅਤੇ ਵੱਖ-ਵੱਖ ਮਿਡ-ਡੇ ਮੀਲ ਕੁੱਕ ਯੂਨੀਅਨਾਂ ਦੇ ਆਗੂਆਂ ਵਿੱਚ ਕਰਮਚੰਦ ਚਿੰਡਾਲੀਆ, ਸੁਖਦੇਵ ਰਾਮ ਸ਼ਰਮਾ ਘੋਲੀਆ, ਹਰਜਿੰਦਰ ਕੌਰ, ਪ੍ਰਵੀਨ ਸ਼ਰਮਾ, ਪ੍ਰਵੀਨ ਬਾਲਾ ਅਤੇ ਲਖਵਿੰਦਰ ਕੌਰ ਹਾਜ਼ਰ ਸਨ।

ਇਹ ਵੀ ਪੜ੍ਹੋ : Delhi Flights News: ਦਿੱਲੀ-ਲਖਨਊ-ਅੰਮ੍ਰਿਤਸਰ ਹਵਾਈ ਅੱਡੇ 'ਤੇ 30 ਤੋਂ ਵੱਧ ਉਡਾਣਾਂ ਲੇਟ, ਧੁੰਦ ਕਾਰਨ ਵਿਜ਼ੀਬਿਲਟੀ ਘਟੀ

Read More
{}{}