Dr. Ambedkar Jayanti: ਕੋਟਕਪੂਰਾ ਵਿੱਚ ਡਾਕਟਰ ਅੰਬੇਡਕਰ ਪਾਰਕ ਵਿੱਚ ਸੰਵਿਧਾਨ ਨਿਰਮਾਤਾ ਡਾਕਟਰ ਬੀ.ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਜੈਅੰਤੀ ਮੌਕੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੁਸਾਇਟੀ ਵੱਲੋਂ ਪਾਰਕ ਵਿੱਚ ਬਣਾਈ ਜਾਣ ਵਾਲੀ ਲਾਇਬ੍ਰੇਰੀ ਦਾ ਰਸਮੀ ਤੌਰ ਉਤੇ ਨੀਂਹ ਪੱਥਰ ਰੱਖਿਆ ਅਤੇ ਸੁਸਾਇਟੀ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਸੌਂਪਿਆ।
ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾਕਟਰ ਅੰਬੇਡਕਰ ਵੱਲੋਂ ਪੜ੍ਹੋ, ਜੁੜੋ ਅਤੇ ਅੱਗੇ ਵਧੋ ਦਾ ਨਾਅਰਾ ਦਿੱਤਾ ਗਿਆ ਤਾਂ ਜੋ ਪੜ੍ਹ ਲਿਖ ਕੇ ਅਸੀਂ ਸਮਾਜ ਦਾ ਅਹਿਮ ਹਿੱਸਾ ਬਣ ਸਕੀਏ ਅਤੇ ਵਿਕਾਸ ਵਿੱਚ ਯੋਗਦਾਨ ਪਾ ਸਕੀਏ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਦੀ ਸੋਚ ਦੇ ਚੱਲਦਿਆਂ ਹੀ ਦੱਬੇ ਕੁਚਲੇ ਸਮਾਜ ਨੂੰ ਅੱਜ ਬਰਾਬਰੀ ਦਾ ਹੱਕ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲਾਇਬ੍ਰੇਰੀ ਦੇ ਨਿਰਮਾਣ ਲਈ ਉਨ੍ਹਾਂ ਵੱਲੋਂ ਭਵਿੱਖ ਵਿੱਚ ਵੀ 10 ਲੱਖ ਰੁਪਏ ਦੀ ਹੋਰ ਗ੍ਰਾਂਟ ਦਿੱਤੀ ਜਾਵੇਗੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।
ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤ ਰਤਨ ਡਾਕਟਰ ਬੀ.ਆਰ. ਅੰਬੇਡਕਰ ਦੀ ਜੈਅੰਤੀ ਮੌਕੇ ਕਰਵਾਏ ਸਮਾਗਮ ਵਿੱਚ ਬੱਚਿਆਂ ਅਤੇ ਔਰਤਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ ਹੈ ਅਤੇ ਜਿਸ ਸਮਾਜ ਵਿੱਚ ਔਰਤਾਂ ਅੱਗੇ ਹੁੰਦੀਆਂ ਹਨ ਉਹ ਸਮਾਜ ਤਰੱਕੀ ਕਰਦਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਨੂੰ ਭਵਿੱਖ ਵਿੱਚ ਵੀ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਰਾਠੌਰ ਨੇ ਲਾਇਬਰੇਰੀ ਦੇ ਨਿਰਮਾਣ ਲਈ ਵਿਧਾਨ ਸਭਾ ਸਪੀਕਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਮਾਜ ਲਈ ਪਹਿਲਾਂ ਵਾਂਗ ਸੇਵਾ ਕਰਦੇ ਰਹਿਣਗੇ।