Home >>Punjab

Moga News: ਜਾਰਜੀਆ ਹਾਦਸੇ 'ਚ ਮਰਨ ਵਾਲੇ ਗਗਨਦੀਪ ਸਿੰਘ ਦੇ ਘਰ ਪਹੁੰਚੇ ਡਾ.ਐਸ.ਪੀ.ਸਿੰਘ ਓਬਰਾਏ

Moga News: ਸਰਬੱਤ ਦਾ ਭਲਾ ਟਰੱਸਟ ਗਗਨਦੀਪ ਦੇ ਪਿਤਾ ਗੁਰਮੁਖ ਸਿੰਘ ਨੂੰ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇਵੇਗੀ, ਜਿਸ ਦਾ ਪਹਿਲਾ ਚੈੱਕ ਅੱਜ ਹੀ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ।

Advertisement
Moga News: ਜਾਰਜੀਆ ਹਾਦਸੇ 'ਚ ਮਰਨ ਵਾਲੇ ਗਗਨਦੀਪ ਸਿੰਘ ਦੇ ਘਰ ਪਹੁੰਚੇ ਡਾ.ਐਸ.ਪੀ.ਸਿੰਘ ਓਬਰਾਏ
Manpreet Singh|Updated: Jan 06, 2025, 07:32 PM IST
Share

Moga News(ਨਵਦੀਪ ਸਿੰਘ): ਪਿਛਲੇ ਦਿਨੀਂ ਜਾਰਜੀਆ 'ਚ ਹੋਏ ਇੱਕ ਦਰਦਨਾਕ ਹਾਦਸੇ 'ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ 'ਚ ਸ਼ਾਮਲ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਨਾਲ ਸਬੰਧਿਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਘਰ ਦੁੱਖ ਵੰਡਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਉਬਰਾਏ ਉਚੇਚੇ ਤੌਰ 'ਤੇ ਪਹੁੰਚੇ। ਜਿਸ ਦੌਰਾਨ ਉਨ੍ਹਾਂ ਮ੍ਰਿਤਕ ਗਗਨਦੀਪ ਦੇ ਬਜ਼ੁਰਗ ਪਿਤਾ ਦੀ ਮਹੀਨਾਵਾਰ ਪੈਨਸ਼ਨ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ ਖ੍ਰੀਦ ਕੇ ਦੇਣ ਦੇ ਨਾਲ ਨਵਾਂ ਘਰ ਵੀ ਬਣਾਉਣ ਦਾ ਬੀੜਾ ਚੁੱਕਿਆ।

ਇਸ ਦੌਰਾਨ ਗੱਲਬਾਤ ਕਰਦਿਆਂ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਿਨ੍ਹਾਂ ਕਿਸੇ ਕੋਲੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ ਨਿਰੋਲ ਉਨ੍ਹਾਂ ਵੱਲੋਂ ਹੀ ਆਪਣੀ ਆਮਦਨ 'ਚੋਂ ਦਾਨ ਵੱਜੋਂ ਦਿੱਤੇ ਜਾਂਦੇ ਲੱਗਭਗ 98 ਫੀਸਦੀ ਹਿੱਸੇ ਨਾਲ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਵੱਖ-ਵੱਖ ਸਕੀਮਾਂ ਰਾਹੀਂ ਮਦਦ ਕੀਤੀ ਜਾ ਰਹੀ,ਜਿਸ ਨਾਲ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।

 ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਉਹ ਪਿਛਲੇ ਦਿਨੀਂ ਜਾਰਜੀਆ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੇ ਘਰਾਂ ਵਿੱਚ ਜਾ ਕੇ ਪੀੜ੍ਹਤ ਪਰਿਵਾਰਾਂ ਦਾ ਦੁੱਖ ਵੰਡਾ ਰਹੇ ਹਨ ਅਤੇ ਅੱਜ ਇੱਥੇ ਘੱਲ ਕਲਾਂ ਵਿਖੇ ਮਿਤ੍ਰਕ ਗਗਨਦੀਪ ਸਿੰਘ ਦੇ ਘਰ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਗਗਨਦੀਪ ਦੀ ਮਾਤਾ ਅਤੇ ਇੱਕ ਮੰਦਬੁੱਧੀ ਭਰਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ, ਇਥੋਂ ਤੱਕ ਕਿ ਉਨ੍ਹਾਂ ਦਾ ਮਕਾਨ ਵੀ ਰਹਿਣਯੋਗ ਨਹੀਂ ਹੈ। ਸੋ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸਰਬੱਤ ਦਾ ਭਲਾ ਟਰੱਸਟ ਗਗਨਦੀਪ ਦੇ ਪਿਤਾ ਗੁਰਮੁਖ ਸਿੰਘ ਨੂੰ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇਵੇਗੀ, ਜਿਸ ਦਾ ਪਹਿਲਾ ਚੈੱਕ ਅੱਜ ਹੀ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੀੜ੍ਹਤ ਪਰਿਵਾਰ ਨੂੰ ਹੋਰ ਨਵੀਂ ਜਗ੍ਹਾ ਖ੍ਰੀਦ ਕੇ ਦੇਣ ਦੇ ਨਾਲ-ਨਾਲ ਇੱਕ ਨਵਾਂ ਘਰ ਵੀ ਬਣਾ ਕੇ ਦਿੱਤਾ ਜਾਵੇਗਾ,ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਗੋਕਲ ਚੰਦ, ਹਰਭਿੰਦਰ ਸਿੰਘ ਜਾਨੀਆ, ਰਾਮ ਸਿੰਘ, ਹਰਜਿੰਦਰ ਸਿੰਘ ਚੁਗਾਵਾਂ, ਭਵਨਦੀਪ ਸਿੰਘ ਪੁਰਬਾ, ਮੈਡਮ ਪਰਮਜੀਤ ਕੌਰ (ਸਾਰੇ ਟਰੱਸਟ ਮੈਂਬਰ) ਸਮੇਤ ਸੁਖਦੇਵ ਸਿੰਘ ਬਰਾੜ, ਕੁਲਵਿੰਦਰ ਸਿੰਘ ਰਾਮੂਵਾਲੀਆ,ਗੁਰਸੇਵਕ ਸਿੰਘ ਸੰਨਿਆਸੀ ਅਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਮੌਜੂਦ ਸਨ।

Read More
{}{}