Abohar News: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਆਈਜੀ ਦੇ ਹੁਕਮਾਂ ਉਤੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਵੱਲੋਂ ਨਸ਼ਾ ਵੇਚ ਕੇ ਬਣਾਏ ਗਏ ਮਕਾਨਾਂ ਨੂੰ ਤੋੜਨ ਦੀ ਮੁਹਿੰਮ ਤਹਿਤ ਅੱਜ ਅਬੋਹਰ ਦੇ ਸੀਡਫਾਰਮ ਵਿੱਚ ਵੀ ਜ਼ਿਲ੍ਹੇ ਦੇ ਐਸਐਸਪੀ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਮੁਹਿੰਮ ਚਲਾਉਂਦੇ ਹੋਏ ਇਕ ਨਸ਼ਾ ਤਸਕਰ ਦੇ ਪਰਿਵਾਰ ਦੇ ਮਕਾਨ ਨੂੰ ਬੁਲਡੋਜ਼ਰ ਨਾਲ ਤਹਿਸ-ਨਹਿਸ ਕਰ ਦਿੱਤਾ। ਉਕਤ ਪਰਿਵਾਰ ਦਾ ਮੁਖੀ ਅਤੇ ਉਸ ਦਾ ਬੇਟਾ ਪਹਿਲਾ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਐਸਪੀਡੀ ਬਲਕਾਰ ਸਿੰਘ, ਦੋਵੇਂ ਥਾਣਿਆਂ ਦੇ ਇੰਚਾਰਜ ਪ੍ਰੋਮਿਲਾ ਸਿੱਧੂ ਤੇ ਮਨਿੰਦਰ ਸਿੰਘ ਅਤੇ ਭਾਰੀ ਪੁਲਿਸ ਬਲ ਅੱਜ ਸੀਡਫਾਰਮ ਵਿੱਚ ਬੁਲਡੋਜ਼ਰ ਲੈ ਕੇ ਪੁੱਜਿਆ ਅਤੇ ਪਿੰਡ ਪੰਚਾਇਤ ਦੇ ਸਾਹਮਣੇ ਹੀ ਪਿੰਡ ਦੇ ਨਸ਼ਾ ਤਸਕਰ ਬੋਹੜ ਸਿੰਘ ਜਿਸ ਉਤੇ 21 ਮੁਕੱਦਮੇ ਨਸ਼ੇ ਦੇ ਦਰਜ ਹਨ ਅਤੇ ਉਹ ਅਤੇ ਉਸ ਦਾ ਬੇਟਾ ਨਸ਼ਾ ਤਸਕਰੀ ਵਿੱਚ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਦੇ ਮਕਾਨ ਨੂੰ ਬੁਲਡੋਜ਼ਰ ਨਾਲ ਤੋੜ ਦਿੱਤਾ ਗਿਆ ਹੈ।
ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਦਾ ਨਸ਼ਾ ਕਰਦਾ ਸੀ ਅਤੇ ਪਰਿਵਾਰ ਦੇ ਲੋਕ ਨਸ਼ਾ ਵੇਚਣ ਦੇ ਨਾਲ-ਨਾਲ ਖੁਦ ਵੀ ਨਸ਼ਾ ਕਰਦੇ ਸਨ। ਮਕਾਨ ਨੂੰ ਤੋੜਨ ਤੋਂ ਪਹਿਲਾ ਪਰਿਵਾਰ ਦੀਆਂ ਔਰਤਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੇ ਘਰ ਦਾ ਜ਼ਰੂਰੀ ਸਾਮਾਨ ਵੀ ਬਾਹਰ ਕੱਢ ਦਿੱਤਾ ਗਿਆ। ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰੀ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਇਸ ਲਈ ਜੋ ਵੀ ਲੋਕ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਨਾਲ ਜੁੜੇ ਹਨ ਉਹ ਜਾਂ ਤਾਂ ਨਸ਼ਾ ਛੱਡ ਦੇਣ ਜਾਂ ਫਿਰ ਸ਼ਹਿਰ ਛੱਡ ਜਾਣ ਨਹੀਂ ਤਾਂ ਉਨ੍ਹਾਂ ਦੇ ਮਕਾਨਾਂ ਉਤੇ ਵੀ ਬੁਲਡੋਜ਼ਰ ਚਲਾਇਆ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ਨੂੰ ਸ਼ਲਾਘਾਯੋਗ ਦੱਸਦੇ ਹੋਏ ਕਿਹਾ ਕਿ ਇਥੇ ਨੌਜਵਾਨ ਕਾਫੀ ਗਿਣਤੀ ਵਿੱਚ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ। ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਿਆ ਜਾਵੇ।