Maghi Conference: ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੌਰਾਨ ਸਿਆਸੀ ਧਿਰਾਂ ਵੱਲੋਂ ਆਪਣੀਆਂ-ਆਪਣੀਆਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਧਿਰਾਂ ਉਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕਜੁੱਟ ਹੋ ਗਈਆਂ ਹਨ। ਮੇਰੇ ਖਿਲਾਫ਼ ਹਰ ਘਿਨੌਣੀ ਹਰਕਤ ਕਰਨ ਦਾ ਯਤਨ ਕੀਤਾ ਗਿਆ, ਮੈਨੂੰ ਜਾਨੋਂ ਮਾਰਨ ਵੀ ਕੋਸ਼ਿਸ਼ ਹੋਈ ਹੈ। ਇਹ ਚਾਹੁੰਦੇ ਹਨ ਕਿ ਬਾਦਲ ਦਾ ਨਾਮ ਖ਼ਤਮ ਕਰ ਦਿਓ ਅਕਾਲੀ ਦਲ ਦਾ ਨਾਮ ਖ਼ਤਮ ਹੋ ਜਾਵੇਗਾ। ਪਿਛਲੇ ਛੇ ਮਹੀਨਿਆਂ ਤੋਂ ਏਜੰਸੀਆਂ ਨੇ ਮੇਰੇ ਖ਼ਿਲਾਫ ਰੱਜ ਕੇ ਪ੍ਰਚਾਰ ਕੀਤਾ।
ਸਟੇਜ ਤੋਂ ਸੰਬੋਧਨ ਕਰਦਿਆਂ ਬੁਲਾਰਿਆ ਨੇ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰ-ਏ-ਕੌਮ ਪੁਰਸਕਾਰ ਵਾਪਸ ਦੇਣ ਦੀ ਅਪੀਲ ਕੀਤੀ। ਭਾਵੇਂ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਹੋ ਚੁੱਕਿਆ ਹੈ ਪਰ ਬੁਲਾਰਿਆਂ ਵੱਲੋਂ ਅਜੇ ਵੀ ਉਨ੍ਹਾਂ ਨੂੰ ਸਟੇਜ ਤੋਂ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ ਗਿਆ। ਸੁਖਬੀਰ ਬਾਦਲ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਆਗੂ ਕਾਨਫਰੰਸ ਵਾਲੀ ਸਟੇਜ 'ਤੇ ਮੌਜੂਦ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਲੋਕ ਫੇਸਬੁੱਕ 'ਤੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਇਹ ਲੋਕ ਗੱਦਾਰ ਹਨ। ਬਾਦਲ ਦਾ ਸਿਰ ਗੁਰੂ ਸਾਹਿਬ ਦੇ ਅੱਗੇ ਝੁਕਦਾ ਸੀ ਪਰ ਹੁਣ ਜੋ ਲੋਕ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ, ਉਨ੍ਹਾਂ ਲੋਕਾਂ ਦਾ ਸਿਰ ਕੇਂਦਰ ਅੱਗੇ ਝੁਕਦਾ ਹੈ।
ਬਾਦਲ ਸਾਹਿਬ ਹਰ ਕਿਸੇ ਦੇ ਦੁੱਖ-ਸੁੱਖ ਸਾਂਝੇ ਕਰਦੇ ਸਨ। ਬਾਦਲ ਸਾਹਿਬ ਹਰ ਕਿਸੇ ਦੇ ਸੁੱਖ-ਦੁੱਖ ਦੇ ਸਾਥੀ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੇਮ ਤੋਂ ਮੁਕਤ ਕਰਵਾਇਆ। ਟਿਊਬਵੈੱਲ ਲਗਾ ਕੇ ਖੇਤਾਂ ਨੂੰ ਪਾਣੀ ਦਿਵਾਇਆ। ਕੀ ਬਾਦਲ ਸਾਹਿਬ ਨੇ ਪੰਜਾਬ 'ਚ ਹਸਪਤਾਲ ਬਣਾ ਕੇ ਕੋਈ ਗੁਨਾਹ ਕੀਤਾ ਹੈ।
ਅੰਮ੍ਰਿਤਪਾਲ ਦੀ ਨਵੀਂ ਪਾਰਟੀ 'ਤੇ ਹਮਲਾ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਹ ਲੋਕ ਨਵੀਂ ਦੁਕਾਨ ਖੋਲ੍ਹ ਰਹੇ ਹਨ। ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਨਹੀਂ ਮੰਨਦੇ। ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ।
ਲੰਗਰ 'ਤੇ ਜੀਐਸਟੀ ਖਤਮ ਕਰਵਾਈ। ਤੁਸੀਂ ਲੋਕ ਅਜਿਹੇ ਵਿਅਕਤੀ ਨੂੰ ਸਿੱਖ ਵਿਰੋਧੀ ਕਹਿੰਦੇ ਹੋ। ਮੈਂ ਤੁਹਾਨੂੰ ਪੰਜਾਬ ਨੂੰ ਬਚਾਉਣ ਲਈ ਬੇਨਤੀ ਕਰਦਾ ਹਾਂ। ਉਨ੍ਹਾਂ ਅੰਮ੍ਰਿਤਪਾਲ ਦਾ ਨਾਂ ਲਏ ਬਿਨਾਂ ਪੁੱਛਿਆ ਕਿ ਜੋ ਨਸ਼ਾ ਬੰਦ ਕਰਵਾਉਣ ਦੇ ਨਾਂ 'ਤੇ ਅੱਗੇ ਆਇਆ ਸੀ, ਉਹ ਕੀ ਨਿਕਲਿਆ ਹੈ। ਫਰੀਦਕੋਟ ਹੱਤਿਆ ਕਰਵਾ ਦਿੱਤੀ। ਇਹ ਲੋਕ ਕੀ ਤੋਂ ਕੀ ਨਿਕਲ ਰਹੇ ਹਨ। ਅਸੀਂ ਅਜਿਹੇ ਵਿਅਕਤੀਆਂ ਦੇ ਹੱਥਾਂ 'ਚ ਤਾਕਤ ਦੇਣੀ ਚਾਹੁੰਦੇ ਹਾਂ।