Kotkapura News (ਖੇਮ ਚੰਦ): ਕੋਟਕਪੂਰਾ ਵਿਚ ਚੱਲ ਰਹੇ ਈ-ਰਿਕਸ਼ਾ ਦੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਦੁਰਘਟਨਾ ਦਾ ਕਾਰਨ ਬਣ ਕੇ ਭੱਜ ਜਾਂਦਾ ਹੈ ਤਾਂ ਉਸ ਦੀ ਪਛਾਣ ਨਹੀਂ ਹੋ ਸਕਦੀ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਡਰਾਈਵਿੰਗ ਲਾਇਸੈਂਸ ਹੈ ਅਤੇ ਨਾ ਹੀ ਇਹਨਾਂ ਕੋਲ ਈ-ਰਿਕਸ਼ਾ ਦੀ ਕੋਈ ਆਰਸੀ ਹੈ। ਅਜਿਹਾ ਸ਼ਹਿਰ ਦਾ ਕੋਈ ਕੋਨਾ ਨਹੀਂ ਜਿੱਥੇ ਇਹ ਸੜਕ ਦੇ ਵਿਚਕਾਰ ਨਾ ਖੜ੍ਹੇ ਹੋਣ ਅਤੇ ਜੇਕਰ ਇਹਨਾਂ ਨੇ ਸਵਾਰੀਆਂ ਨੂੰ ਉਤਾਰਨਾ ਹੋਵੇ ਤਾਂ ਉਹ ਸੜਕ ਦੇ ਵਿਚਕਾਰ ਹੀ ਰੁਕ ਜਾਂਦੇ ਹਨ ਅਤੇ ਆਪਣੇ ਪਿੱਛੇ ਆ ਰਹੇ ਕਿਸੇ ਵੀ ਵਾਹਨ ਨੂੰ ਦੇਖਣ ਦੀ ਖੇਚਲ ਨਹੀਂ ਕਰਦੇ ਅਤੇ ਪਿਛਲੇ ਦਿਨੀਂ ਇੱਕ ਈ-ਰਿਕਸ਼ਾ ਚਾਲਕ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਲਈ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਸੀ। ਪੁਲਿਸ ਨੇ ਬੜੀ ਮੁਸ਼ਕਲ ਨਾਲ ਉਸ ਈ-ਰਿਕਸ਼ਾ ਨੂੰ ਫੜਿਆ ਸੀ।
ਸ਼ਹਿਰ ਵਾਸੀਆਂ ਨੇ ਦੂਜੇ ਵਾਹਨਾਂ ਦੀ ਤਰ੍ਹਾਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਸਾਰੇ ਈ-ਰਿਕਸ਼ਿਆਂ 'ਤੇ ਨੰਬਰ ਪਲੇਟਾਂ ਲਗਾਈਆਂ ਜਾਣ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਲਈ ਜਗ੍ਹਾ ਨਿਰਧਾਰਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ। ਬੀਤੇ ਦਿਨੀ ਹੋਏ ਈ-ਰਿਕਸ਼ਾ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਵਾਲੇ ਡਾਕਟਰ ਸ਼ੁਬਮ ਨੇ ਦੱਸਿਆ ਕਿ ਉਸ ਨੂੰ ਕਿਸੇ ਈ-ਰਿਕਸ਼ਾ ਚਾਲਕ ਨੇ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ ਹੈ।
ਜਦੋਂ ਸਾਡੀ ਟੀਮ ਨੇ ਆਰ.ਟੀ.ਏ. ਫਰੀਦਕੋਟ ਜਸਵਿੰਦਰ ਕੰਬੋਜ ਨਾਲ ਗੱਲ ਕੀਤੀ ਤਾਂ ਉਹ ਵੀ ਕੋਈ ਠੋਸ ਜਵਾਬ ਨਹੀਂ ਦੇ ਸਕੇ, ਉਨ੍ਹਾਂ ਕਿਹਾ ਕਿ ਜਲਦੀ ਹੀ ਇਨਫੋਰਸਮੈਂਟ ਟੀਮ ਜਾਂਚ ਕਰਕੇ ਇਹਨਾਂ ਵਿਰੁੱਧ ਕਾਰਵਾਈ ਕਰੇਗੀ ਅਤੇ ਜਲਦੀ ਹੀ ਉਨ੍ਹਾਂ ਦੀ ਗਿਣਤੀ ਵੀ ਘਟਾ ਦਿੱਤੀ ਜਾਵੇਗੀ।