Batala News: ਅੱਜ ਜਿੱਥੇ ਪੂਰੇ ਭਾਰਤ ਵਿੱਚ ਈਦ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਉਥੇ ਅੱਜ ਮੁਸਲਿਮ ਜਮਾਤ ਅਹਿਮਦੀਆਂ ਦੇ ਹੈੱਡ ਕੁਆਰਟਰ ਕਾਦੀਆ ਵਿਖੇ ਵੀ ਈਦ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਈਦ ਦੀ ਨਮਾਜ਼ ਹਾਫ਼ਿਜ਼ ਮਖਦੂਮ ਸ਼ਰੀਫ਼ ਨੇ ਅਦਾ ਕਾਰਵਾਈ ਅਤੇ ਨਮਾਜ਼ ਤੋਂ ਬਾਅਦ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਲੋਕਾਂ ਨੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ।
ਨਮਾਜ਼ ਅਦਾ ਕਰਨ ਉਪਰੰਤ ਈਦ ਦਾ ਖੁਤਬਾ ਦਿੰਦਿਆਂ ਉਨ੍ਹਾਂ ਇਸ ਈਦ ਦੀ ਅਹਿਮੀਅਤ ਉਤੇ ਚਾਨਣਾ ਪਾਉਂਦਿਆਂ ਆਖਿਆ ਕਿ ਇੱਕ ਮਹੀਨਾ ਰੋਜ਼ੇ ਰੱਖਣ ਕਾਰਨ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਰੋਜ਼ੇ ਰੱਖਣ ਨਾਲ ਗਰੀਬਾਂ ਅਤੇ ਭੁੱਖਿਆਂ ਦੀ ਤਕਲੀਫ਼ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਮੁਸਲਮਾਨ ਦਾ ਫਰਜ਼ ਬਣਦਾ ਹੈ ਕਿ ਉਹ ਗਰੀਬਾਂ ਅਤੇ ਭੁੱਖਿਆਂ ਦੀ ਮਦਦ ਲਈ ਅੱਗੇ ਆਵੇ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜਵੰਦ ਲੋਕਾਂ ਲਈ ਰੱਖੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਸੁਖ ਅਤੇ ਖੁਸ਼ੀਆਂ ਚਾਹੀਦੀਆਂ ਹਨ ਤਾਂ ਸਾਨੂੰ ਪਰਮਾਤਮਾ ਦੇ ਦੱਸੇ ਹੋਏ ਰਾਹ ਉਤੇ ਚੱਲਣਾ ਪਵੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੀਡਰਾਂ ਨੂੰ ਵੀ ਅਕਲ ਦੇ ਨਾਲ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਦੁਨੀਆ ਐਟਮੀ ਦੌਰ ਵੱਲ ਜਾਵੇਗੀ। ਈਦ ਦੀ ਨਮਾਜ਼ ਅਦਾ ਕਰਨ ਲਈ ਵੱਖ-ਵੱਖ ਇਲਾਕਿਆਂ ਤੋਂ ਵੀ ਭਾਈਚਾਰੇ ਦੇ ਲੋਕ ਕਾਦੀਆਂ ਪਹੁੰਚੇ।
ਇਹ ਵੀ ਪੜ੍ਹੋ : ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ; ਛੇਵੀਂ ਕਲਾਸ ਦੇ ਬੱਚੇ ਨੂੰ ਨਸ਼ਾ ਵੇਚਣ ਲਈ ਬਣਾਇਆ ਕੋਰੀਅਰ
ਮਹਿਲਾਵਾਂ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਵਿੱਚ ਨਮਾਜ਼ ਵਿੱਚ ਸ਼ਿਰਕਤ ਕੀਤੀ। ਸਭ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ | ਬਾਅਦ ਚ ਸੇਵੀਆਂ ਅਤੇ ਮਿੱਠੇ ਚੌਲਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਹਰ ਰਾਜਨੀਤਕ ਪਾਰਟੀ ਦੇ ਆਗੂਆਂ ਨੇ ਵੀ ਸ਼ਿਰਕਤ ਕਰਦੇ ਹੋਏ ਇਸ ਖੁਸ਼ੀ ਵਿਚ ਸ਼ਮੂਲੀਅਤ ਕੀਤੀ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : YouTuber ਦੇ ਘਰ 'ਤੇ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ 7ਵੇਂ ਦੋਸ਼ੀ ਨੂੰ ਕੀਤਾ ਗ੍ਰਿਫਤਾਰ