Amritsar Encounter: ਅੰਮ੍ਰਿਤਸਰ ਵਿੱਚ ਸਵੇਰੇ ਤੜਕੇ ਪੁਲਿਸ ਤੇ ਬਦਮਾਸ਼ ਵਿਚਾਲੇ ਫਾਇਰਿੰਗ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਹਰਪ੍ਰੀਤ ਜ਼ਖ਼ਮੀ ਹੋ ਗਿਆ ਹੈ। ਪੁਲਿਸ ਦੀ ਫਾਇਰਿੰਗ ਦੌਰਾਨ ਮੁਲਜ਼ਮ ਦੇ ਲੱਤ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਰਪ੍ਰੀਤ ਕਈ ਕੇਸਾਂ ਵਿੱਚ ਲੋੜੀਂਦਾ ਸੀ। ਦੁਪਹਿਰ 12 ਵਜੇ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੌਕੇ ਉਤੇ ਪਹੁੰਚ ਕੇ ਐਨਕਾਊਂਟਰ ਵਾਲੀ ਥਾਂ ਦਾ ਜਾਇਜ਼ਾ ਲੈਣਗੇ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮੌਕੇ 'ਤੇ ਹੀ ਫੜ ਲਿਆ। ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਪੁਲਿਸ ਕਮਿਸ਼ਨਰ ਖੁਦ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਵਿਸਥਾਰਤ ਜਾਣਕਾਰੀ ਸਾਂਝੀ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਮੁਕਾਬਲਾ ਸਵੇਰੇ 4.30 ਵਜੇ ਕੰਪਨੀ ਗਾਰਡਨ ਨੇੜੇ ਪੁਰਾਣੇ ਬੱਚਾ ਵਾਰਡ ਦੇ ਸਾਹਮਣੇ ਹੋਇਆ। ਜਾਂਚ ਲਈ, ਪੁਲਿਸ ਨੇ ਹੁਣ ਕ੍ਰਿਸਟਲ ਚੌਕ ਤੋਂ ਬੱਚਾ ਵਾਰਡ ਵੱਲ ਆਉਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਹੈ। ਮੁਲਜ਼ਮ ਲੁੱਟ-ਖੋਹ ਅਤੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਗੁਰਦਸਪੁਰ ਜ਼ਿਲ੍ਹਾ ਪੁਲਿਸ ਨੇ ਹਾਲ ਹੀ ਵਿੱਚ ਪੰਜਾਬ ਵਾਚ ਹਾਊਸ 'ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਉਸਨੇ ਚੈੱਕਪੋਸਟ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪਿੱਛਾ ਕਰਨ 'ਤੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ ਸੀ ਪਰ ਜਵਾਬੀ ਕਾਰਵਾਈ ਦੌਰਾਨ ਉਸਨੂੰ ਗੋਲੀ ਲੱਗ ਗਈ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਐੱਸ.ਐੱਸ.ਪੀ. ਅਦਿਤਿਆ ਨੇ ਦੱਸਿਆ ਸੀ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਸਨ।
ਇਸ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਸੰਭਾਵਿਤ ਥਾਵਾਂ 'ਤੇ ਬਾਕਾਇਦਾ ਨਜ਼ਰ ਰੱਖੀ ਹੋਈ ਸੀ ਅਤੇ ਚੈਕਿੰਗ ਵੀ ਕੀਤੀ ਜਾ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਬਬਰੀ ਬਾਈਪਾਸ ਚੌਂਕ ਤੋਂ ਕੁਝ ਦੂਰੀ 'ਤੇ ਇਕ ਵਿਅਕਤੀ ਮੋਟਰਸਾਈਕਲ 'ਤੇ ਆਇਆ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪੁਲਿਸ ਨੇ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਉੱਪਰ ਗੋਲ਼ੀ ਚਲਾ ਦਿੱਤੀ। ਜਵਾਬੀ ਕਾਰਵਾਈ ਦੌਰਾਨ ਪੁਲਿਸ ਨੇ ਜਦੋਂ ਗੋਲੀ ਚਲਾਈ ਤਾਂ ਉਕਤ ਦੋਸ਼ੀ ਦੀ ਲੱਤ ਵਿਚ ਗੋਲ਼ੀ ਲੱਗੀ, ਜਿਸ ਦੇ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।