Tarn Taran Encounter: ਸੁਪਾਰੀ ਸ਼ੂਟਰ ਤੇ ਤਰਨਤਾਰਨ ਪੁਲਿਸ ਵਿਚਾਲੇ ਐਤਵਾਰ-ਸੋਮਵਾਰ ਦੇ ਰਾਤ ਨੂੰ ਮੁਕਾਬਲਾ ਹੋਇਆ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਗੋਲ਼ੀ ਲੱਗਣ ਨਾਲ ਸ਼ੂਟਰ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਹੋਇਆ ਹੈ। ਸ਼ੂਟਰ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਰਾਜੋਕੇ ਤਰਨਤਾਰਨ ਵਜੋਂ ਹੋਈ ਹੈ।
ਉਹ ਵਿਦੇਸ਼ਾਂ ਵਿੱਚ ਲੁਕੇ ਹੋਏ ਅੱਤਵਾਦੀ ਲਖਬੀਰ ਸਿੰਘ ਲੰਡਾ, ਸਤਨਾਮ ਸਿੰਘ ਸੱਤਾ ਅਤੇ ਯਾਦਵਿੰਦਰ ਸਿੰਘ ਯਾਦਾ ਦਾ ਸਾਥੀ ਹੈ। ਸ਼ੂਟਰ ਆਪਣੇ ਸਾਥੀ ਗੁਰਬੀਰ ਸਿੰਘ ਨਾਲ ਮਿਲ ਕੇ ਸੁਪਾਰੀ ਲੈਂਦਾ ਸੀ। ਉਨ੍ਹਾਂ ਨੇ ਫਿਰੌਤੀ ਲਈ ਤਿੰਨ ਥਾਵਾਂ ਉਤੇ ਦਹਿਸ਼ਤ ਲਈ ਫਾਇਰਿੰਗ ਕੀਤੀ ਸੀ। ਸ਼ੁੱਕਰਵਾਰ ਨੂੰ ਗੁਰਬੀਰ ਸਿੰਘ ਨੂੰ ਤਰਨਤਾਰਨ ਤੋਂ ਸੀਆਈਏ ਨੇ ਗ੍ਰਿਫ਼ਤਾਰ ਕੀਤਾ ਸੀ।
ਜਾਣਕਾਰੀ ਦਿੰਦਿਆਂ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਮੁਲਜ਼ਮ ਜੋ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ, ਸਤਨਾਮ ਸਿੰਘ ਸੱਤਾ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਕਹਿਣ ਉਤੇ ਫਿਰੌਤੀਆਂ ਮੰਗਣ ਦਾ ਕੰਮ ਕਰਦਾ ਹੈ।
ਇਲਾਕੇ ਵਿੱਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਸੀਆਈਏ ਸਟਾਫ ਦੇਣ ਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ, ਥਾਣਾ ਸਦਰ ਮੁਖੀ ਅਵਤਾਰ ਸਿੰਘ ਸੋਨਾ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਸਨ, ਵੱਲੋਂ ਜਦੋਂ ਸੂਚਨਾ ਦੇ ਆਧਾਰ ਉੱਪਰ ਪਿੰਡ ਭੁੱਲਰ ਨਹਿਰ ਨਜ਼ਦੀਕ ਨਾਕਾ ਲਗਾਇਆ ਗਿਆ ਤਾਂ ਇਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਮੁਲਜ਼ਮ ਦੀ ਲੱਤ ਉੱਪਰ ਗੋਲ਼ੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਰਾਜੋਕੇ ਵਜੋਂ ਹੋਈ ਹੈ, ਜੋ ਬੀਤੇ ਦਿਨੀਂ ਸੀ. ਆਈ. ਏ. ਸਟਾਫ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਬੀਰ ਸਿੰਘ ਦਾ ਸਾਥੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਵੱਲੋਂ ਫਿਰੌਤੀ ਲਈ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਅਗਲੀ ਪੁੱਛਗਿੱਛ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।