Faridkot News: ਫ਼ਰੀਦਕੋਟ ਦੀ ਅਨਾਜ ਮੰਡੀ ਵਿਚੋਂ ਕੂੜੇ ਦੇ ਢੇਰ ਤੋਂ ਬੀਤੇ ਦਿਨੀ ਵੱਡੀ ਮਾਤਰਾ ਵਿਚ ਮਿਲੀਆਂ ਮਿਆਦ ਖ਼ਤਮ ਹੋ ਚੁੱਕੀਆਂ ਦਵਾਈਆਂ ਦੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਅੱਜ ਦਿਨ ਚੜ੍ਹਦੇ ਹੀ ਕਿਸੇ ਅਣਪਛਾਤੇ ਲੋਕਾਂ ਵਲੋਂ ਉਕਤ ਜਗ੍ਹਾਂ ਉੱਤੇ ਪਏ ਕੁੜੇ ਕਰਕਟ ਅਤੇ ਕਥਿਤ ਮੈਡੀਕਲ ਵੈਸਟ ਨੂੰ ਅੱਗ ਲਗਾ ਦਿੱਤੀ ਗਈ, ਜਿਸ ਦਾ ਪਤਾ ਚਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅਤੇ ਅੱਗ ਉੱਤੇ ਕਾਬੂ ਪਾਇਆ।
ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ਅੱਗ ਲੱਗੀ ਸੀ ਉਸ ਦੇ ਨਾਲ ਹੀ FCI ਦੇ ਜਿਲ੍ਹਾ ਪੱਧਰੀ ਅਨਾਜ ਭੰਡਾਰ ਦੇ ਗੁਦਾਮ ਹਨ ਅਤੇ ਅਨਾਜ ਮੰਡੀ ਵਿਚ ਵੀ ਮੱਕੀ ਦੀ ਫਸਲ ਆਈ ਹੋਈ ਹੈ, ਨਾਲ ਹੀ ਇਥੇ ਸਬਜ਼ੀ ਮੰਡੀ ਵੀ ਹੈ ਅਤੇ ਇਕ ਪਾਸੇ ਰਿਹਾਇਸ਼ੀ ਇਲਾਕਾ ਵੀ ਹੈ, ਜੇਕਰ ਤੇਜ ਜਵਾ ਵਗੈਰਾ ਚੱਲ ਜਾਂਦੀ ਤਾਂ ਇਥੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਪਰ ਸਮਾਂ ਰਹਿੰਦੇ ਹੀ ਅੱਗ ਬੁਝਾਓ ਦਸਤੇ ਦੀ ਟੀਮ ਨੇ ਅੱਗ ਤੇ ਕਾਬੂ ਪਾ ਲਿਆ।
ਅੱਗ ਲੱਗਣ ਵਾਲੀ ਜਗ੍ਹਾ ਤੇ ਅਤੇ ਆਸ ਪਾਸ ਕਾਫੀ ਮਾਤਰਾ ਵਿਚ ਮੈਡੀਕਲ ਵੈਸਟ ਵੇਖਣ ਨੂੰ ਮਿਲਿਆ। ਮੌਕੇ ਤੇ ਮੌਜੂਦ ਲੋਕਾਂ ਵਲੋਂ ਇਸ ਅੱਗ ਲਗਾਏ ਜਾਣ ਦੀ ਘਟਨਾ ਨੂੰ ਸਾਜਿਸ ਕਰਾਰ ਦਿੱਤਾ ਗਿਆ ਅਤੇ ਪ੍ਰਸ਼ਾਸ਼ਨ ਤੋਂ ਜਿਥੇ ਇਸ ਦੀ ਜਾਂਚ ਦੀ ਮੰਗ ਕੀਤੀ ਗਈ। ਉਥੇ ਹੀ ਇਸ ਜਗ੍ਹਾ ਤੇ ਅੱਗ ਲਗਾਏ ਜਾਣ ਦਾ ਜਿੰਮੇਵਾਰ ਨਗਰ ਕੌਂਸਲ ਫਰੀਦਕੋਟ ਦੇ ਕਾਰਜ ਸਾਧਕ ਅਫਸਰ ਨੂੰ ਦੱਸਿਆ ਗਿਆ।
ਜਾਣਕਾਰੀ ਦਿੰਦਿਆ ਸ਼ਹਿਰ ਵਾਸੀ ਮਹਿੰਦਰ ਕੁਮਾਰ ਨੇ ਦਸਿਆ ਕਿ ਅੱਜ ਅਨਾਜ ਮੰਡੀ ਵਿਚ ਗੁਦਾਮਾਂ ਦੇ ਨੇੜੇ ਕੂੜਾ ਕਰਕਟ ਨੂੰ ਕਿਸੇ ਅਣਪਛਾਤੇ ਵਲੋਂ ਅੱਗ ਲਗਾਈ ਗਈ ਹੈ, ਇਸ ਨਾਲ ਅਨਾਜ ਮੰਡੀ ਵਿਚ ਕੰਮ ਕਰਨ ਵਾਲੇ ਅਤੇ ਆਸ ਪਾਸ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ, ਉਹਨਾਂ ਦੱਸਿਆ ਕਿ ਨੇੜੇ ਹੀ ਅਨਾਜ ਦੇ ਗੁਦਾਮ ਹਨ ਜੇਕਰ ਤੇਜ ਹਵਾ ਚੱਲ ਜਾਵੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਹਨਾਂ ਦੱਸਿਆ ਕਿ ਮੌਕੇ ਤੇ ਫਾਇਰ ਬਰਗੇਡ ਦੀ ਗੱਡੀ ਆਈ ਹੈ ਜਿਸ ਨੇ ਅੱਗ ਤੇ ਕਾਬੂ ਪਾਇਆ ਹੈ, ਉਹਨਾਂ ਦੱਸਿਆ ਕਿ ਇਸੇ ਜਗ੍ਹਾ ਤੇ ਪਿਛਲੇ ਦਿਨੀ ਮੈਡੀਕਲ ਦਵਾਈਆਂ ਵੀ ਸਿਟੀਆਂ ਗਈਆਂ ਸਨ ਅਤੇ ਅੱਜ ਇਥੇ ਅਚਾਨਕ ਅੱਗ ਲਗਾ ਦਿੱਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਪਰਤਖਦਰਸ਼ੀ ਅਤੇ ਨਗਰ ਕੌਂਸਲ ਦੇ ਮੈਂਬਰ ਵਿਕਾਸ ਕੁਮਾਰ ਵਿੱਕੀ ਨੇ ਦਸਿਆ ਕਿ ਉਹਨਾਂ ਨੇ ਖੁਦ ਦੇਖਿਆ ਹੈ ਕਿ ਨਗਰ ਕੌਂਸਲ ਫਰੀਦਕੋਟ ਦੇ EO ਇਥੇ ਆਏ ਅਤੇ ਉਹਨਾਂ ਵਲੋਂ ਹੀ ਇਥੇ ਕੁੜੇ ਕਰਕਟ ਨੂੰ ਅੱਗ ਲਗਵਾਈ ਗਈ। ਉਹਨਾਂ ਕਿਹਾ ਕਿ ਇਥੇ ਮੈਡੀਕਲ ਵੇਸਟ ਪਿਆ ਸੀ ਜਿਸ ਨੂੰ ਅੱਗ ਲਗਾਉਣ ਨਾਲ ਗੰਦਾ ਧੂਆਂ ਪੈਦਾ ਹੋ ਰਿਹਾ ਜੋ ਲੋਕਾਂ ਲਈ ਕਾਫੀ ਘਾਤਕ ਸਾਬਤ ਹੋ ਸਕਦਾ।
ਇਸ ਮੌਕੇ ਇਕ ਹੋਰ ਵਿਅਕਤੀ ਰਘੁਬੀਰ ਸਿੰਘ ਨੇ ਖੁਦ ਨੂੰ ਪਰਤਖਦਰਸ਼ੀ ਦਸਦਿਆਂ ਕਿਹਾ ਕਿ ਇਹ ਅੱਗ ਖੁਦ ਨਗਰ ਕੌਂਸਲ ਦੇ EO ਨੇ ਲਗਵਾਈ ਹੈ। ਉਹਨਾਂ ਕਿਹਾ ਕਿ ਇਥੇ ਜੋ ਪਿਛਲੇ ਦਿਨੀ ਮੈਡੀਕਲ ਵੇਸਟ ਮਿਲਿਆ ਸੀ ਜਿਸ ਵਿਚ ਗਰੀਬਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਸੁੱਟੀਆਂ ਗਈਆਂ ਸਨ ਬਰਾਮਦ ਹੋਈਆਂ ਸਨ ਜਿਸ ਦੀ ਇਕ ਜਾਂਚ ਕਮੇਟੀ ਬਣੀ ਸੀ ਅਤੇ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਣੀ ਸੀ ਪਰ ਕਮੇਟੀ ਦੀ ਜਾਂਚ ਤੋਂ ਪਹਿਲਾਂ ਹੀ ਇਥੇ ਅੱਗ ਲਗਾ ਕੇ ਲਗਦਾ ਸਬੂਤ ਨਸ਼ਟ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਅੱਗ ਲੱਗਣ ਵਾਲੀ ਥਾਂ ਤੋਂ ਇਥੋਂ ਦੀ ਬਾਬਾ ਫਰੀਦ ਯੂਨੀਵਰਸਿਟੀ ਦੀ ਵਿਜੀਲੈਂਸ ਗ੍ਰੇਵੀਨੈਂਸ ਕਮੇਟੀ ਨਾਲ ਸਬੰਧਿਤ ਕੁਝ ਦਸਤਾਵੇਜ ਵੀ ਮਿਲੇ ਹਨ ਜੋ ਪੁਰੀ ਤਰਾਂ ਸੜੇ ਹੋਏ ਹਨ ਲਗਦਾ ਕਿਸੇ ਵੱਡੇ ਘੁਟਾਲੇ ਤੋਂ ਕਿਸੇ ਨੂੰ ਬਚਾਉਣ ਦੀ ਕੋਸਿਸ ਹੋ ਰਹੀ ਹੈ। ਉਹਨਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਨਾਲ ਹੀ ਕਿਹਾ ਕਿ ਜਿਸ ਜਗ੍ਹਾ ਉੱਤੇ ਅੱਗ ਲਗਾਈ ਗਈ ਹੈ ਉਥੇ ਇਕ ਪਾਸੇ ਸਰਕਾਰੀ ਅਨਾਜ ਦੇ ਗੁਦਾਮ ਹਨ ਇਕ ਪਾਸੇ ਰਿਹਾਇਸ਼ੀ ਇਲਾਕਾ ਹੈ ਅਤੇ ਅਨਾਜ ਮੰਡੀ ਵਿਚ ਵੀ ਵੱਡੀ ਗਿਣਤੀ ਮਜ਼ਦੂਰ ਮੌਜੂਦ ਹਨ ਜੇਕਰ ਅੱਜ ਤੇਜ ਹਨੇਰੀ ਚਲਦੀ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਹਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਨਹੀਂ ਤਾਂ ਮਜਬੂਰ ਉਹਨਾਂ ਨੂੰ ਜ਼ਹਿਰ ਵਾਸੀਆਂ ਨਾਲ ਮਿਲ ਕੇ ਧਰਨੇ ਪ੍ਰਦਰਸ਼ਨ ਕਰਨਗੇ ਪੈਣਗੇ, ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਪੂਰੇ ਮਾਮਲੇ ਬਾਰੇ ਜਦੋਂ ਨਗਰ ਕੌਂਸਲ ਫਰੀਦਕੋਟ ਦੇ EO ਅੰਮ੍ਰਿਤ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਉਹਨਾਂ ਉਪਰ ਇਲਜਾਮ ਲਗਾਏ ਜਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ ਉਹਨਾਂ ਕਿਹਾ ਕਿ ਨਾ ਤਾਂ ਨਗਰ ਕੌਂਸਲ ਵਲੋਂ ਉਥੇ ਕੋਈ ਕੂੜਾ ਕਰਕਟ ਸੁੱਟਿਆ ਜਾਂਦਾ ਅਤੇ ਨਾ ਹੀ ਕੋਈ ਅੱਗ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।