Faridkot News: ਫਰੀਦਕੋਟ ਦੇ ਪਿੰਡ ਮਚਾਕੀ ਕਲਾ ਵਿੱਚ ਕੁਝ ਦਿਨ ਪਹਿਲਾਂ ਨਾਜਾਇਜ਼ ਸਬੰਧਾਂ ਕਾਰਨ ਕਤਲ ਕੀਤੇ ਗਏ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਦਾ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ, ਪਰ ਹੁਣ ਉਹ ਆਕਾਸ਼ਦੀਪ ਸਿੰਘ ਨਾਮਕ ਨੌਜਵਾਨ ਨਾਲ ਨਾਜਾਇਜ਼ ਸਬੰਧਾਂ ਕਾਰਨ ਉਸ ਨਾਲ ਰਹਿ ਰਹੀ ਸੀ। 6 ਜਨਵਰੀ ਨੂੰ ਅਮਨਦੀਪ ਕੌਰ ਦੇ ਪ੍ਰੇਮੀ ਆਕਾਸ਼ਦੀਪ ਸਿੰਘ ਨੇ ਆਪਣੇ ਸਾਥੀ ਕੁਲਵੰਤ ਸਿੰਘ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਭੱਜ ਗਿਆ।
ਜਾਂਚ ਦੌਰਾਨ ਮ੍ਰਿਤਕ ਦੇ ਭਰਾ ਨੇ ਸ਼ੱਕ ਜਤਾਇਆ ਸੀ ਕਿ ਇਹ ਕਤਲ ਅਮਨਦੀਪ ਕੌਰ ਦੇ ਕਹਿਣ 'ਤੇ ਕੀਤਾ ਗਿਆ ਹੈ। ਜਿਸ 'ਤੇ ਉਕਤ ਮਾਮਲਾ ਕੁਲਵੰਤ ਸਿੰਘ ਉਰਫ਼ ਮੋਟਾ ਪੁੱਤਰ ਗੁਰਦੇਵ ਸਿੰਘ, ਵਾਸੀ ਪਿੰਡ ਮਚਾਕੀ ਕਲਾਂ, ਆਕਾਸ਼ਦੀਪ ਸਿੰਘ ਪੁੱਤਰ ਸੇਵਕ ਸਿੰਘ, ਵਾਸੀ ਪਿੰਡ ਮਚਾਕੀ ਕਲਾਂ ਅਤੇ ਅਮਨਦੀਪ ਕੌਰ ਪਤਨੀ ਕੁਲਦੀਪ ਕੁਮਾਰ ਖਿਲਾਫ਼ ਦਰਜ ਕੀਤਾ ਗਿਆ ਸੀ।
ਕਤਲ ਕਰਨ ਤੋਂ ਬਾਅਦ ਉਪਰੋਕਤ ਤਿੰਨੋਂ ਮੁਲਜ਼ਮ ਭੱਜ ਗਏ ਸਨ। ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਟਰੱਕ ਡਰਾਇਵਰ ਹੋਣ ਕਰਕੇ ਰਾਜ ਵਿੱਚੋ ਵੀ ਬਾਹਰ ਚਲੇ ਗਏ ਸਨ। ਜਿਸ ਕਾਰਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿੱਛਾ ਕੀਤਾ ਗਿਆ।
ਜਿਸ ਤੋਂ ਬਾਅਦ, ਸਫਲਤਾ ਪ੍ਰਾਪਤ ਕਰਦੇ ਹੋਏ, ਮਾਮਲੇ ਦੇ ਮੁਲਜ਼ਮ ਕੁਲਵੰਤ ਸਿੰਘ ਉਰਫ਼ ਮੋਟਾ ਨੂੰ 10.01.2025 ਨੂੰ ਅਤੇ ਆਕਾਸ਼ਦੀਪ ਸਿੰਘ ਨੂੰ 11.01.2025 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਉਕਤ ਮੁਲਜ਼ਮ ਵੱਲੋਂ ਘਟਨਾ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਉਕਤ ਮਾਮਲੇ ਵਿੱਚ ਸ਼ਾਮਲ ਤੀਜੀ ਮੁਲਜ਼ਮ ਅਮਨਦੀਪ ਕੌਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।