Faridkot News (ਨਰੇਸ਼ ਸੇਠੀ): ਫਰੀਦਕੋਟ ਦੀ ਬਾਜ਼ੀਗਰ ਬਸਤੀ ਸਮੇਤ ਹੋਰ ਇਲਾਕਿਆਂ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਓਪਰੇਸ਼ਨ ਕਾਸੋ ਦੇ ਤਹਿਤ ਸਰਚ ਕੀਤੀ ਗਈ। ਇਸ ਦੌਰਾਨ ਨਸ਼ਾ ਤਸਕਰੀ ਵਿੱਚ ਸ਼ਾਮਿਲ ਰਹੇ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਨਾਲ ਹੀ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਸ ਸਰਚ ਆਪਰੇਸ਼ਨ ਦੀ ਅਗਵਾਈ ਸਬ ਡਿਵੀਜਨ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਫੋਰਸ ਸਮੇਤ ਹੋਰ ਆਲਾ ਅਧਿਕਾਰੀ ਵੀ ਸ਼ਾਮਿਲ ਰਹੇ। ਜਾਣਕਾਰੀ ਦੇ ਮੁਤਾਬਕ ਨਸ਼ਾ ਤਸਕਰੀ ਦੇ ਹੋਟ ਸਪੋਟ ਬਣੇ ਇਲਾਕਿਆਂ ਅਤੇ ਬਸਤੀਆਂ ਵਿੱਚ ਪੁਲਿਸ ਵੱਲੋਂ ਲਗਾਤਾਰ ਕਾਸੋ ਆਪਰੇਸ਼ਨ ਚਲਾਏ ਜਾਂਦੇ ਹਨ ਅਤੇ ਇਸੇ ਲੜੀ ਦੇ ਤਹਿਤ ਅੱਜ ਪੁਲਿਸ ਵੱਲੋਂ ਇੱਥੋਂ ਦੀ ਬਾਜੀਗਰ ਬਸਤੀ ਸਮੇਤ ਹੋਰ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਸਲਾਗਾ ਕੀਤੀ ਅਤੇ ਕਿਹਾ ਕਿ ਪੁਲਿਸ ਦੀ ਸਖਤੀ ਤੋਂ ਬਾਅਦ ਉਨਾਂ ਦੇ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਕਾਫੀ ਹੱਦ ਤੱਕ ਘੱਟ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਅਪਰੇਸ਼ਨ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਨਸ਼ਾ ਦੀ ਤਸਕਰੀ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਰੋਕਣ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਮੇਂ ਸਮੇਂ ਤੇ ਅਪਰੇਸ਼ਨ ਕਾਸੋ ਚਲਾਏ ਜਾਂਦੇ ਹਨ। ਇਸ ਦੇ ਤਹਿਤ ਹੀ ਪੁਲਿਸ ਵੱਲੋਂ ਅੱਜ ਇਥੋਂ ਦੀ ਬਾਜ਼ੀਗਰ ਬਸਤੀ ਸਮੇਤ ਹੋਰ ਇਲਾਕਿਆਂ ਵਿੱਚ ਸਰਚ ਕੀਤੀ ਜਾ ਰਹੀ ਹੈ ਤਾ ਜੋ ਨਸ਼ੇ ਦੀ ਤਸਕਰੀ ਨੂੰ ਖ਼ਤਮ ਕੀਤਾ ਜਾ ਸਕੇ।