Patiala News: ਪੰਜਾਬ ਪੁਲਿਸ ਨੇ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਸ਼ਿਫਟ ਕੀਤਾ ਹੈ। ਕਿਸਾਨ ਆਗੂ ਨੂੰ ਮੁੜ ਪਟਿਆਲਾ ਲੈ ਕੇ ਆਉਣ ਦੇ ਸੂਬਾ ਸਰਕਾਰ ਦੇ ਫੈਸਲੇ ਨੇ ਕਈਆਂ ਨੂੰ ਹੈਰਾਨ ਕੀਤਾ ਹੈ ਕਿਉਂਕਿ ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਲਾਏ ਪੱਕੇ ਮੋਰਚਿਆਂ ਦੌਰਾਨ ਪਟਿਆਲਾ ਕੇਂਦਰੀ ਧੁਰਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਡੱਲੇਵਾਲ ਨੂੰ ਕੁੱਝ ਘੰਟਿਆਂ ਪਹਿਲਾਂ ਹੀ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਸ਼ਿਫਟ ਕੀਤਾ ਗਿਆ ਹੈ। ਇਸ ਹਸਪਤਾਲ ਦਾ ਪ੍ਰਸ਼ਾਸਨਿਕ ਕੰਮਕਾਜ ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਅਧਿਕਾਰੀ ਵੱਲੋਂ ਚਲਾਇਆ ਜਾ ਰਿਹਾ ਹੈ। ਉਧਰ ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਵੀ ਸੀਨੀਅਰ ਅਧਿਕਾਰੀ ਇਸ ਮੁੱਦੇ ’ਤੇ ਟਿੱਪਣੀ ਕਰਨ ਤੋਂ ਬਚ ਰਿਹਾ ਹੈ।
ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਐਤਵਾਰ ਨੂੰ 118ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਡੱਲੇਵਾਲ ਨੂੰ ਪਟਿਆਲਾ ਸ਼ਿਫਟ ਕਰਨ ਤੋਂ ਪਹਿਲਾਂ ਸਖ਼ਤ ਸੁਰੱਖਿਆ ਪਹਿਰੇ ਹੇਠ ਜਲੰਧਰ ਛਾਉਣੀ ਵਿਚ ਪੀਡਬਲਿਊਡੀ ਰੈਸਟ ਹਾਊਸ ਵਿਚ ਰੱਖਿਆ ਗਿਆ ਸੀ।
ਕਾਬਿਲੇਗੌਰ ਹੈ ਕਿ ਪੁਲਿਸ ਨੇ 19 ਮਾਰਚ ਨੂੰ ਕੇਂਦਰ ਦੇ ਮੰਤਰੀਆਂ ਨਾਲ ਚੰਡੀਗੜ੍ਹ ਵਿਚ ਬੈਠਕ ਮਗਰੋਂ ਖਨੌਰੀ ਤੇ ਸ਼ੰਭੂ ਮੋਰਚਿਆਂ ’ਤੇ ਪਰਤ ਰਹੇ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰਨਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਪੁਲਿਸ ਨੇ ਮਗਰੋਂ ਬੁਲਡੋਜ਼ਰ ਐਕਸ਼ਨ ਤਹਿਤ ਸ਼ੰਭੂ ਤੇ ਖਨੌਰੀ ਬਾਰਡਰਾਂ ਨੂੰ ਖਾਲੀ ਕਰਵਾ ਕੇ ਪਿਛਲੇ 13 ਮਹੀਨਿਆਂ ਤੋਂ ਬੰਦ ਪਈ ਆਵਾਜਾਈ ਚਾਲੂ ਕਰ ਦਿੱਤੀ ਸੀ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਡੱਲੇਵਾਲ ਨੂੰ ਉਸੇ ਰਾਤ ਜਲੰਧਰ ਛਾਉਣੀ ਦੇ ਪੀਡਬਲਿਊਡੀ ਗੈਸਟ ਹਾਊਸ ਵਿਚ ਤਬਦੀਲ ਕੀਤਾ ਗਿਆ ਸੀ।