Amritar News (ਭਰਤ ਸ਼ਰਮਾ): ਅੰਮ੍ਰਿਤਸਰ ਦੋਵਾਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਜੰਗਬੰਦੀ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਕਿਸਾਨਾਂ ਲਈ ਤਾਰੋ ਪਾਰ ਖੇਤੀ ਕਰਨਾ ਵਧਦੀ ਚਿੰਤਾ ਦਾ ਕਾਰਨ ਬਣ ਗਿਆ ਹੈ। ਤਾਰੋ ਪਾਰ ਖੇਤੀ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਬੀਐਸਐਫ ਵੱਲੋਂ ਲਗਾਈ ਗਈ ਸਮੇਂ ਦੀ ਪਾਬੰਦੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਬੀਐਸਐਫ ਅਧਿਕਾਰੀਆਂ ਵੱਲੋਂ 8 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ 10 ਵਜੇ ਦੇ ਕਰੀਬ ਗੇਟ ਖੋਲ੍ਹੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਮੁਹਾਵਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਤਿੰਨ ਗੇਟ ਹਨ। ਜਿਨ੍ਹਾਂ ਵਿੱਚੋਂ ਇੱਕ ਗੇਟ ਹੀ 109 ਨੰਬਰ ਖੋਲ੍ਹਿਆ ਗਿਆ ਹੈ।
ਬਾਕੀ ਦੋਵੇਂ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਤਿੰਨੋਂ ਗੇਟ ਖੁੱਲ੍ਹਦੇ ਹਨ ਤੇ ਖੇਤੀ ਕਰਨ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ। ਪਿੰਡ ਮੁਹਾਵਾ ਦੇ ਕਿਸਾਨਾਂ ਨੇ ਕਿਹਾ ਕਿ 147 ਕਿੱਲੇ ਜ਼ਮੀਨ ਉਨ੍ਹਾਂ ਦੇ ਪਿੰਡ ਦੀ ਤਾਰੋ ਪਾਰ ਹੈ, ਜਿਸ ਦੀ ਵਾਹੀ ਕਰਨ ਲਈ ਕਾਫੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਤੇ ਜਿਸ ਕਰਕੇ ਉਨ੍ਹਾਂ ਨੂੰ ਲੇਬਰ ਵੀ ਕਾਫੀ ਮਹਿੰਗੀ ਪੈਂਦੀ ਹੈ ਹੈ ਉਤੋਂ ਬੱਤੀ ਦੀ ਮਾਰ ਵੀ ਪੈਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਅੱਜ ਪਿੰਡ ਅਮਰਕੋਟ ਵਿੱਚ ਵੀ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਤੇ ਬੀਐਸਐਫ ਅਧਿਕਾਰੀਆਂ ਨੂੰ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ 8 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਪੂਰਾ ਸਮਾਂ ਦਿੱਤਾ ਜਾਵੇ। ਲੇਬਰ ਮਹਿੰਗੀ ਹੋਣ ਦੇ ਨਾਲ ਨਾਲ, ਜਦ ਤੱਕ ਸਮੇਂ ਤੇ ਗੇਟ ਨਹੀਂ ਖੁੱਲ੍ਹਦੇ, ਖੇਤੀ ਦੀ ਰਫ਼ਤਾਰ ਉਤੇ ਅਸਰ ਪੈਂਦਾ ਹੈ।
ਇਸ ਸੰਬੰਧ ਵਿੱਚ ਅੱਜ ਪਿੰਡ ਅਮਰਕੋਟ ਵਿਖੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਬੀਐਸਐਫ ਅਧਿਕਾਰੀਆਂ ਕੋਲ ਮੰਗ ਰੱਖੀ ਕਿ ਤਾਰੋ ਪਾਰ ਜਾਣ ਲਈ ਉਨ੍ਹਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੂਰਾ ਸਮਾਂ ਦਿੱਤਾ ਜਾਵੇ, ਤਾਂ ਜੋ ਉਹ ਸਮੇਂ ਸਿਰ ਆਪਣਾ ਖੇਤੀਬਾੜੀ ਕੰਮ ਨਿਭਾ ਸਕਣ।