Farmer Protest: ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਪੁਲਿਸ ਵੱਲੋਂ ਦਮਨ-ਚੱਕਰ ਚਲਾਉਣ ਦੇ ਬਾਵਜੂਦ ਹਜਾਰਾਂ ਕਿਸਾਨਾਂ ਨੇ ਅੱਜ ਚੰਡੀਗੜ੍ਹ ਵੱਲ ਆਪਣੇ ਟਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਕੂਚ ਕੀਤਾ। ਸੂਬੇ ਭਰ ‘ਚ ਬੀਤੇ ਦੋ ਦਿਨਾਂ ਤੋਂ ਸੈਂਕੜੇ ਤੋਂ ਉੱਪਰ ਆਗੂਆਂ ਤੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਕਰਕੇ ਦਹਿਸ਼ਤ ਪਾਉਣ ਲਈ ਪੁਲਿਸ ਦੀਆਂ ਵਾਗਾਂ ਖੁੱਲੀਆਂ ਛੱਡਣ ਵਾਲੀ ਪੰਜਾਬ ਸਰਕਾਰ ਦੇ ਹਰੇਕ ਯਤਨਾਂ ਦੇ ਬਾਵਜੂਦ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਉਤਰੇ। ਪੁਲਿਸ ਵੱਲੋਂ ਰੋਕੇ ਜਾਣ ਤੇ ਸੂਬੇ ਭਰ ਵਿੱਚ ਡੇਢ ਦਰਜਨ ਥਾਵਾਂ ‘ਤੇ ਕਿਸਾਨਾਂ ਵੱਲੋਂ ਆਪਣੇ ਮੋਰਚੇ ਸ਼ੁਰੂ ਕਰ ਦਿੱਤੇ ਗਏ ਹਨ।
ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਨਾ ਤਾਂ ਕੌਮੀ ਰਾਜਧਾਨੀ ਵਿੱਚ ਜਾਣ ਦਿੱਤਾ ਜਾ ਰਿਹਾ ਅਤੇ ਨਾ ਹੀ ਸੂਬਾਈ ਰਾਜਧਾਨੀ ਵਿੱਚ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੀ ਮੋਦੀ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਦਮਨ ਕਰਕੇ ਕੁਚਲ ਦੇਣਾ ਚਾਹੁੰਦੀ ਹੈ। ਪੁਲਿਸ ਅੱਜ ਜ਼ਿਲ੍ਹਿਆਂ ਦੀ ਹੱਦਾਂ ਤੇ ਵੱਡੇ ਵੱਡੇ ਮਿੱਟੀ ਦੇ ਟਿੱਪਰਾਂ ਨਾਲ ਰੋਕਾਂ, ਜਲ ਤੋਪਾਂ ਆਦਿ ਢੰਗਾਂ ਨਾਲ ਕਿਸਾਨਾਂ ਨੂੰ ਰੋਕ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੰਜਾਬ ਦੇ ਚੰਡੀਗੜ੍ਹ ਜਾਣ ਵਾਲੇ ਕੁੱਲ ਡੇਢ ਦਰਜਨ ਥਾਵਾਂ ਤੇ ਮੋਰਚੇ ਡੱਟ ਚੁੱਕੇ ਹਨ ਸ਼ਾਮ ਤੱਕ ਹੋਰ ਵਧਣ ਦੀ ਉਮੀਦ ਹੈ।
ਜਿੰਨਾਂ ਵਿੱਚੋਂ ਬਰਨਾਲਾ ਜ਼ਿਲ੍ਹੇ ਚ ਬਡਬਰ ਟੋਲ ਪਲਾਜ਼ਾ, ਬਠਿੰਡਾ ਚ ਜੇਠੂਕੇ ਨਾਕਾ,ਮਾਨਸਾ ਚ ਢੈਪਈ ਪਿੰਡ ਵਿਖੇ,ਸੰਗਰੂਰ ਚ ਭਵਾਨੀਗੜ੍ਹ ਵਿਖੇ , ਪਟਿਆਲਾ ਜ਼ਿਲ੍ਹੇ ਚ ਹਿਸਾਰ ਹਾਈਵੇਅ ਤੇ ਢੈਂਠਲ ਵਿਖੇ,ਮਲੇਰਕੋਟਲਾ ਚ ਅਮਰਗੜ, ਫ਼ਤਹਿਗੜ੍ਹ ਸਾਹਬ ਚ ਚੁੰਨੀ ਅਤੇ ਗੁਰੂਦਵਾਰਾ ਫਤਿਹਗੜ੍ਹ ਸਾਹਿਬ ਵਿਖੇ,ਲੁਧਿਆਣਾ ਚ ਰਾਏਕੋਟ,ਫਰੀਦਕੋਟ ਚ ਡੋਡ ਬਾਜਾਖਾਨਾ ਰੋਡ ਤੇ, ਜਲੰਧਰ ਜ਼ਿਲ੍ਹੇ ਚ ਫਿਲੋਰ ਨਕੋਦਰ ਰੋਡ ਤੇ,ਨਵਾਂ ਸ਼ਹਿਰ ਜਿਲ੍ਹੇ ਚ ਗੜੀ ਵਿਖੇ, ਬਿਆਸ ਵਿਖੇ,ਅੰਮ੍ਰਿਤਸਰ ਜ਼ਿਲ੍ਹੇ ਚ ਗੁਰੂਦੁਆਰਾ ਮੋਰਚਾ ਸਾਹਿਬ ਵਿਖੇ ਆਦਿ ਥਾਵਾਂ ਹਨ, ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਟਰਾਲੀਆਂ ਤੇ ਰਾਸ਼ਨ ਪਾਣੀ ਲੈਕੇ ਪਹੁੰਚ ਚੁੱਕੇ ਹਨ ਅਤੇ ਕੱਲ ਤੱਕ ਹੋਰ ਕਾਫਲੇ ਪਹੁੰਚਣਗੇ।
ਸੰਯੁਕਤ ਮੋਰਚਾ ਗਿਰਫ਼ਤਾਰ ਕੀਤੇ ਸੀਨੀਅਰ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ,ਰੁਲਦੂ ਸਿੰਘ ਮਾਨਸਾ,ਜੋਗਿੰਦਰ ਸਿੰਘ ਉਗਰਾਹਾਂ,ਜੰਗਵੀਰ ਸਿੰਘ ਚੋਹਾਨ, ਵੀਰ ਸਿੰਘ ਬੜਵਾਂ, ਬਿੰਦਰ ਸਿੰਘ ਗੋਲੇਵਾਲਾ,ਨਛੱਤਰ ਸਿੰਘ ਜੈਤੋ ਸਮੇਤ ਹੋਰ ਗਿਰਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਦਮਨ ਦਾ ਰਾਹ ਛੱਡ ਕੇ ਗੱਲਬਾਤ ਰਾਹੀ ਮਸਲੇ ਹੱਲ ਕਰੇ।
ਸੰਯੁਕਤ ਕਿਸਾਨ ਮੋਰਚਾ ਨੇ ਸਪਸ਼ਟ ਕੀਤਾ ਹੈ ਕਿ ਜਬਰ ਨਾਲ ਕਿਸਾਨ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ।ਇਸ ਸਮੇਂ ਸੰਯੁਕਤ ਮੋਰਚੇ ਦੇ ਆਗੂ ਬੂਟਾ ਸਿੰਘ ਬੁਰਜਗਿੱਲ,ਹਰਮੀਤ ਸਿੰਘ ਕਾਦੀਆਂ, ਡਾ ਸਤਨਾਮ ਸਿੰਘ ਅਜਨਾਲਾ,ਰਮਿੰਦਰ ਸਿੰਘ ਪਟਿਆਲਾ,ਝੰਡਾ ਸਿੰਘ ਜੇਠੂਕੇ,ਹਰਿੰਦਰ ਸਿੰਘ ਲੱਖੋਵਾਲ,ਬਲਦੇਵ ਸਿੰਘ ਨਿਹਾਲਗੜ੍ਹ,ਮਲੂਕ ਸਿੰਘ ਹੀਰਕੇ, ਮਨਜੀਤ ਸਿੰਘ ਧਨੇਰ,ਕੁਲਦੀਪ ਸਿੰਘ ਵਜੀਦਪੁਰ,ਕਿਰਨਜੀਤ ਸਿੰਘ ਸੇਖੋਂ,ਪ੍ਰੇਮ ਸਿੰਘ ਭੰਗੂ,ਅਵਤਾਰ ਸਿੰਘ ਮਹਿਮਾ ਅਗਲੀ ਰਣਨੀਤੀ ਉਲੀਕ ਰਹੇ ਹਨ।