Ludhiana News: ਪੰਜਾਬ ਸਰਕਾਰ ਵਲੋਂ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਜੋਂ ਜਗਰਾਓਂ ਦੇ ਬੱਸ ਸਟੈਂਡ ਚੌਂਕ ਵਿੱਚ ਕਿਸਾਨਾਂ ਵਲੋਂ ਵਿਸ਼ਾਲ ਧਰਨੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਇਲਾਕੇ ਦੇ ਚਾਰ ਪਿੰਡਾਂ ਦੇ ਕਿਸਾਨ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਪਹੁੰਚੀਆਂ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਰ ਕਮੇਟੀ ਦੇ ਮੈਂਬਰ ਐਸ ਆਰ ਕਲੇਰ, ਵਰਕਿੰਗ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਮੇਤ ਕਾਂਗਰਸ ਤੇ ਭਾਜਪਾ ਦੇ ਸੈਂਕੜੇ ਵਰਕਰ ਅਤੇ ਸਾਰੇ ਛੋਟੇ ਵੱਡੇ ਆਗੂਆਂ ਸਮੇਤ ਮਨਪ੍ਰੀਤ ਸਿੰਘ ਇਯਾਲੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਉਚੇਚੇ ਤੌਰ ਉੱਤੇ ਮੌਜੂਦ ਰਹੇ ਅਤੇ ਸਰਕਾਰ ਦੀ ਇਸ ਲੈਂਡ ਪੁਲਿੰਗ ਸਕੀਮ ਦਾ ਰੱਜ ਕੇ ਵਿਰੋਧ ਕੀਤਾ।
ਇਸ ਮੌਕੇ ਸਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਇਹ ਲੈਂਡ ਪੁਲਿੰਗ ਸਕੀਮ ਤਹਿਤ ਦਿੱਲੀ ਤੋਂ ਆਏ ਲੋਕਾਂ ਦੀ ਸਹੂਲਤ ਲਈ ਪੈਸਾ ਇਕੱਠਾ ਕਰਨ ਦਾ ਜਰੀਆ ਬਣਾ ਰਹੀ ਹੈ। ਉਨ੍ਹਾਂ ਇਹ ਵੀ ਖੁੱਲ੍ਹ ਕੇ ਕਿਹਾ ਕਿ ਪੰਜਾਬ ਦੇ ਕਿਸਾਨ ਇਸ ਲੈਂਡ ਪੁਲਿੰਗ ਸਕੀਮ ਦਾ ਸਿਰੇ ਤੋਂ ਵਿਰੋਧ ਕਰਦੇ ਹਨ ਅਤੇ ਸਰਕਾਰ ਨੂੰ ਆਪਣੀ ਇਕ ਇੰਚ ਵੀ ਜਮੀਨ ਐਕਵਾਇਰ ਨਹੀਂ ਕਰਨ ਦੇਣਗੇ, ਚਾਹੇ ਇਸ ਲਈ ਉਨ੍ਹਾਂ ਨੂੰ ਕੋਈ ਵੀ ਵੱਡਾ ਸੰਘਰਸ਼ ਕਰਨ ਪਵੇ ਜਾਂ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ।
ਇਸ ਮੌਕੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਅੱਜ ਇਸ ਧਰਨੇ ਵਿਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ, ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਕਿਸਾਨੀ ਦੇ ਹੱਕ ਵਿੱਚ ਨਹੀਂ ਪਹੁੰਚਿਆ।
ਪਰ ਹੁਣ ਅਗਲੀ ਰਣਨੀਤੀ ਦੇ ਚਲਦੇ ਕਿਸਾਨ ਜਥੇਬੰਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨਾਲ ਕਿਸਾਨੀ ਦੇ ਹੱਕ ਵਿੱਚ 18 ਜੁਲਾਈ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਇਕੱਠੇ ਹੋਣਗੀਆਂ ਤੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਦੇ ਨਾਲ ਹੀ 24 ਅਗਸਤ ਨੂੰ ਮੁੱਲਾਂਪੁਰ ਦਾਖਾ ਦੀ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਸਰਕਾਰ ਦੀ ਇਸ ਲੈਂਡ ਪੁਲਿੰਗ ਦੇ ਵਿਰੋਧ ਵਿਚ ਵੱਡੀ ਰੈਲੀ ਆਯੋਜਿਤ ਕੀਤੀ ਜਾਵੇਗੀ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਹਾਲਤ ਵਿੱਚ ਇਸ ਸਕੀਮ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।