Fazilka News(ਸੁਨੀਲ ਨਾਗਪਾਲ): ਅਬੋਹਰ ਦੇ ਇੱਕ ਮਸ਼ਹੂਰ ਕਾਰੋਬਾਰੀ 'ਤੇ ਆਪਣੇ ਏਜੰਟਾਂ ਅਤੇ ਲੋਕਾਂ ਤੋਂ 100 ਕਰੋੜ ਰੁਪਏ ਤੋਂ ਵੱਧ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਲੈਣਦਾਰਾਂ ਨੇ ਉਸਦੇ ਘਰ ਦੇ ਬਾਹਰ ਧਰਨਾ ਦਿੱਤਾ। ਪੁਲਿਸ ਨੇ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਰੋੜਾਂ ਰੁਪਏ ਲੈਕੇ ਅਬੋਹਰ ਦੀ ਫਰਮ ਐਮ ਜੀ ਟਰੇਡਰਸ ਦੇ ਮਾਲਕ ਜੈ ਪ੍ਰਕਾਸ਼ ਮਿੱਤਲ ਸਣੇ ਇਸ ਫਰਮ ਦੇ ਬਾਕੀ ਸਾਥੀ ਬੀਤੇ ਕੁਝ ਦਿਨਾਂ ਤੋਂ ਗਾਇਬ ਹਨ। ਪ੍ਰਦਰਸ਼ਨਕਾਰੀ ਆੜ੍ਹਤੀਆ ਦਾ ਇਲਜਾਮ ਹੈ ਕਿ ਉਕਤ ਫਰਮ ਉਨ੍ਹਾਂ ਦਾ ਕਰੀਬ 100 ਕਰੋੜ ਤੋਂ ਵੱਧ ਦੀ ਰਕਮ ਲੈਕੇ ਫਰਾਰ ਹੋ ਗਈ ਹੈ।
ਆੜ੍ਹਤੀਆਂ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਪਿਊਸ਼ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਆੜ੍ਹਤੀਆ ਭਰਾਵਾਂ ਨੇ ਉਕਤ ਫਰਮ ਨਾਲ ਵਿਸ਼ਵਾਸ ਕਰਕੇ ਫਸਲਾਂ ਸਣੇ ਪੈਸਿਆਂ ਦਾ ਲੈਣ ਦੇਣ ਕਰਦੇ ਆ ਰਹੇ ਸਨ । ਥੋੜੇ ਜਿਹੇ ਵਿਆਜ ਦੀ ਖਾਤਰ ਵੀ ਆੜ੍ਹਤੀਆ ਅਤੇ ਲੋਕਾਂ ਨੇ ਉਕਤ ਵਾਪਰੀਆਂ ਦਾ ਚੰਗਾ ਰਸੂਖ ਅਤੇ ਨਾਮ ਹੋਣੇ ਕਰਕੇ ਆਪਣਾ ਪੈਸਾ ਦਿੱਤਾ ਹੋਇਆ ਸੀ l ਪਰ ਬੀਤੇ ਕੁਝ ਦਿਨਾਂ ਤੋਂ ਉਕਤ ਫਰਮ ਵਲੋ ਪੈਸਿਆਂ ਦੇ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ l ਤੇ ਹੁਣ ਉਕਤ ਲੋਕ ਗਾਇਬ ਹੋ ਗਏ ਨੇ l ਹੁਣ ਲੋਕਾਂ ਵਲੋ ਇਸਦੀ ਸ਼ਿਕਾਇਤ ਅਤੇ ਉਕਤ ਫਰਮ ਦੇ ਮਾਲਕਾਂ ਖ਼ਿਲਾਫ਼ ਠੱਗੀ ਦਾ ਮੁਕਦਮਾ ਦਰਜ ਕਰਨ ਲਈ ਸ਼ਿਕਾਇਤ ਪੱਤਰ ਵੀ ਦਿੱਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜੇਕਰ ਪੈਸੇ ਲੈਣਦਾਰਾਂ ਨੂੰ ਵਾਪਿਸ ਨਹੀਂ ਮਿਲਦੇ ਹਨ ਤਾਂ ਅਬੋਹਰ ਮੰਡੀ ਦਾ ਹਾਲ ਬੇਹੱਦ ਮਾੜਾ ਹੋ ਜਾਵੇਗਾ ।
ਉਧਰ ਫਰਮ ਦੇ ਇੱਕ ਹਿੱਸੇਦਾਰ ਦੇ ਘਰ ਬਾਹਰ ਪੁਲਿਸ ਵਲੋ ਸ਼ਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ l ਤਾਂ ਜੋ ਕੋਈ ਪ੍ਰਦਰਸ਼ਨਕਾਰੀ ਜਾ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਨਾ ਕਰ ਸਕੇ ।
ਅਬੋਹਰ ਥਾਣਾ ਸਿਟੀ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਆੜ੍ਹਤੀਆ ਐਸੋਸ਼ੀਏਸ਼ਨ ਵਲੋ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸ ਵਿਚ ਕਰੀਬ 80 - 85 ਆੜ੍ਹਤੀਆ ਨੇ ਉਕਤ ਫਰਮ ਦੇ ਮਾਲਕਾਂ ਨੂੰ ਪੈਸਾ ਦਿੱਤਾ ਦੱਸਿਆ ਗਿਆ ਹੈ । ਉਕਤ ਫਰਮ ਦੇ ਮਾਲਕਾਂ ਵਲੋਂ ਉਨ੍ਹਾਂ ਦਾ ਪੈਸਾ ਲੈਕੇ ਫਰਾਰ ਹੋਣ ਦਾ ਵੀ ਜਿਕਰ ਕੀਤਾ ਗਿਆ ਹੈ । ਪੁਲਿਸ ਵਲੋ ਮਿਲੀ ਸ਼ਿਕਾਇਤ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੇਕਰ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।