Home >>Punjab

ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ; ਛੇਵੀਂ ਕਲਾਸ ਦੇ ਬੱਚੇ ਨੂੰ ਨਸ਼ਾ ਵੇਚਣ ਲਈ ਬਣਾਇਆ ਕੋਰੀਅਰ

Ferozepur News: ਫਿਰੋਜ਼ਪੁਰ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਛੇਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਨਸ਼ੇ ਵੇਚਣ ਲਈ ਕੋਰੀਅਰ ਬਣਾਇਆ ਗਿਆ। ਬੱਚੇ ਦੇ ਪਿਤਾ ਨੂੰ ਪਤਾ ਲੱਗਣ ਤੋਂ ਬਾਅਦ, ਜਦੋਂ ਪਿਤਾ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ਾ ਤਸਕਰਾਂ ਨੇ ਬੱਚੇ ਦੇ ਪਿਤਾ 'ਤੇ ਹਮਲਾ ਕਰ ਦਿੱਤਾ।  

Advertisement
ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ; ਛੇਵੀਂ ਕਲਾਸ ਦੇ ਬੱਚੇ ਨੂੰ ਨਸ਼ਾ ਵੇਚਣ ਲਈ ਬਣਾਇਆ ਕੋਰੀਅਰ
Sadhna Thapa|Updated: Mar 31, 2025, 06:11 PM IST
Share

Ferozepur News: ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੁਣ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਛੋਟੇ-ਛੋਟੇ ਬੱਚਿਆਂ ਨੂੰ ਹੀ ਆਪਣੇ ਨਾਲ ਚਿੱਟਾ ਵੇਚਣ 'ਤੇ ਲਗਾ ਰਹੇ ਹਨ ਤਾਂ ਕਿ ਉਨ੍ਹਾਂ 'ਤੇ ਕੋਈ ਸ਼ੱਕ ਨਾ ਕਰ ਸਕੇ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਰਹਿਣ ਵਾਲੇ ਗੱਬਰ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਉਸਦੇ ਦੋ ਬੱਚੇ ਹਨ ਜਦ ਬੱਚੇ ਸਕੂਲੋਂ ਵਾਪਸ ਆਉਂਦੇ ਹਨ ਤਾਂ ਗੁਆਂਡ ਵਿੱਚ ਰਹਿਣ ਵਾਲੇ ਉਸਦੇ ਬੱਚਿਆਂ ਨੂੰ ਚਿੱਟਾ ਵੇਚਣ ਵਾਸਤੇ ਨਾਲ ਲੈ ਜਾਂਦੇ ਹਨ। ਇਸ ਬਾਰੇ ਜਦ ਬੱਚਿਆਂ ਦੇ ਪਿਤਾ ਗੱਬਰ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚੇ ਨੂੰ ਝਿੜਕਿਆ ਤਾਂ ਕਿ ਉਹ ਇਸ ਗਲਤ ਰਾਹ 'ਤੇ ਨਾ ਪਵੇ ਪਰ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲ ਨਾ ਗਵਾਰਾ ਗੁਜਰੀ ਅਤੇ ਆਪਣੇ ਬੱਚੇ ਨੂੰ ਝਿੜਕ ਰਹੇ ਪਿਤਾ 'ਤੇ ਹੀ ਗੁਆਂਢੀ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਮਾਰ- ਮਾਰ ਕੇ ਉਸਦਾ ਸਿਰ ਪਾੜ ਦਿੱਤਾ। 
 
ਜਖਮੀ ਹੋਏ ਪਿਤਾ ਗੱਬਰ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਪਰਿਵਾਰ ਦਾ ਆਰੋਪ ਹੈ ਕੀ ਪੁਲਿਸ ਨਸ਼ਾ ਵੇਚਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਜਿਸ ਦਾ ਖਮਿਆਜਾ ਉਹ ਭੁਗਤ ਰਹੇ ਹਨ, ਕਿਉਂਕਿ ਉਹ ਦਿਹਾੜੀ ਮਜ਼ਦੂਰੀ 'ਤੇ ਚਲੇ ਜਾਂਦੇ ਹਨ। ਪਿੱਛੋਂ ਚਿੱਟਾ ਵੇਚਣ ਵਾਲੇ ਉਨ੍ਹਾਂ ਦੇ ਬੱਚਿਆਂ ਨੂੰ ਚਿੱਟਾ ਵੇਚਣ ਲਈ ਆਪਣੇ ਨਾਲ ਲੈ ਜਾਂਦੇ ਹਨ। ਜੇਕਰ ਇਨ੍ਹਾਂ ਲੋਕਾਂ ਦੇ ਠਾਲ ਨਾ ਪਾਈ ਗਈ ਤਾਂ ਹੋਰ ਜਵਾਨੀ ਇਸ ਨਰਕ ਵਿੱਚ ਚਲੀ ਜਾਵੇਗੀ।

ਇਸ ਮਾਮਲੇ ਨੂੰ ਲੈਕੇ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਨ੍ਹਾਂ ਕੋਲ ਹਜੇ ਤੱਕ ਕੋਈ ਲਿਖਤੀ ਸ਼ਿਕਾਇਤ ਜਾਂ ਡਾਕਟਰੀ ਮੈਡੀਕਲ ਰਿਪੋਰਟ ਨਹੀਂ ਆਈ, ਉਹ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਦੇ ਖਿਲਾਫ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ। 

Read More
{}{}