Firozpur News (ਰਾਜੇਸ਼ ਕਟਾਰੀਆ): ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ ਅੱਜ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲੋਕੇ ਰੋਡ ਵਿਖੇ ਵੀ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕੀ ਉਹਨਾਂ ਵੱਲੋਂ ਅੱਜ ਸੜਕ ਦੀ ਬਣਦੀ ਜਗ੍ਹਾ ਉੱਪਰ ਉਸਾਰੇ ਇਸ ਮਕਾਨ ਦੇ ਉੱਪਰ ਤਹਿਸੀਲਦਾਰ ਜੀਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਨਾਲ ਲੈ ਕੇ ਪੀਲਾ ਪੰਜਾ ਚਲਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਜਿੱਥੇ ਇਹ ਮਕਾਨ ਸੜਕ ਦੀ ਬਣਦੀ ਜਗ੍ਹਾ ਉੱਪਰ ਨਜਾਇਜ਼ ਤੌਰ ਤੇ ਬਣਾਇਆ ਹੋਇਆ ਸੀ।
ਉੱਥੇ ਹੀ ਇਸ ਪਰਿਵਾਰ ਵੱਲੋਂ ਇਸ ਮਕਾਨ ਨੂੰ ਬਣਾਉਣ ਦੇ ਲਈ ਵੱਡੀ ਮਾਤਰਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਨਸ਼ੇ ਦੇ ਕਾਰੋਬਾਰ ਤੋਂ ਪ੍ਰਾਪਤ ਪੈਸਿਆਂ ਦੇ ਨਾਲ ਇਹ ਮਕਾਨ ਉਸਾਰਿਆ ਗਿਆ ਸੀ। ਜਿਸ ਨੂੰ ਅੱਜ ਪੀਲਾ ਪੰਜਾ ਚਲਾ ਕੇ ਢਹਿ ਢੇਰੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਮਾਜ ਸੇਵੀ ਅਸ਼ੋਕ ਕਸੂਰੀਆਂ ਨੇ ਦੱਸਿਆ ਕਿ ਜਿਸ ਪਰਿਵਾਰ ਤੇ ਅੱਜ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਸ ਪਰਿਵਾਰ ਵੱਲੋਂ ਪਿਛਲੇ 40 ਸਾਲਾਂ ਤੋਂ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਪਹਿਲਾਂ ਦੀਆਂ ਸਰਕਾਰਾਂ ਨੇ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ। ਮੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ।