Kotkapura News: ਥਾਣਾ ਸਿਟੀ ਪੁਲਿਸ ਕੋਟਕਪੂਰਾ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਇੱਕ ਬੇਆਬਾਦ ਇਲਾਕੇ ਵਿੱਚ ਬੈਠ ਕੇ ਵੱਡੀ ਲੁੱਟਖੋਹ ਦੀ ਯੋਜਨਾ ਬਣਾ ਰਹੇ ਸਨ।
ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਖੰਡਾ, ਕਿਰਪਾਨ, ਕਾਪਾ, ਨਲਕੇ ਦੀ ਹੱਥੀ ਅਤੇ ਗੰਡਾਸੀ ਬਰਾਮਦ ਕੀਤੀ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ, ਲਖਵਿੰਦਰ ਸਿੰਘ ਉਰਫ ਬਿੱਲਾ, ਗੁਰਦਿੱਤ ਸਿੰਘ ਉਰਫ ਗੱਗੂ, ਸੋਨੂ ਅਤੇ ਜਸ਼ਨ ਉਰਫ ਰਘੂ ਵਜੋਂ ਹੋਈ ਹੈ, ਜੋ ਸਾਰੇ ਕੋਟਕਪੂਰਾ ਦੇ ਰਹਿਣ ਵਾਲੇ ਹਨ।
ਐਸਐਚਓ ਸਬ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਇਹ ਪੰਜੇ ਵਿਅਕਤੀ ਪੁਲ ਸੂਆ, ਜੈਤੋ ਬਾਈਪਾਸ ਨੇੜੇ ਇੱਕ ਸੁੰਨੇ ਪਏ ਆਰੇ ਵਿੱਚ ਲੁੱਟ ਦੀ ਤਿਆਰੀ ਕਰ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ।
ਡੀਐਸਪੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਵਿੱਚੋਂ ਤਿੰਨ ਦੇ ਖਿਲਾਫ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ‘ਚ ਪੰਜ ਕੇਸ ਦਰਜ ਹਨ। ਹੁਣ ਇਨ੍ਹਾਂ ਨੂੰ ਅਦਾਲਤ ਤੋਂ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਹੋਰ ਅਹਮ ਜਾਣਕਾਰੀਆਂ ਹਾਸਿਲ ਕੀਤੀਆਂ ਜਾ ਸਕਣ।