GMADA Officials Suspend: ਬਾਬਾ ਵ੍ਹਾਈਟ ਹਾਊਸ ਜੰਕਸ਼ਨ ਤੋਂ ਹਵਾਈ ਅੱਡੇ ਤੱਕ ਜਾਣ ਵਾਲੀ ਨਵੀਂ 164 ਫੁੱਟ ਚੌੜੀ ਸੜਕ ਦੇ ਨਿਰਮਾਣ ਵਿੱਚ ਲਾਪਰਵਾਹੀ ਦੇ ਸਬੰਧ ਵਿੱਚ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਹਵਾਈ ਅੱਡੇ ਦੀ ਸੜਕ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਬਾਅਦ ਪਤਾ ਲੱਗਾ ਕਿ ਹਵਾਈ ਅੱਡੇ ਦੀ ਸੜਕ 'ਤੇ ਘਟੀਆ ਗੁਣਵੱਤਾ ਵਾਲੀ ਸਮੱਗਰੀ ਵਰਤੀ ਜਾ ਰਹੀ ਹੈ, ਜਿਸਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਪਰ 2 ਦਿਨਾਂ ਵਿੱਚ ਕਾਰਵਾਈ ਕਰਦੇ ਹੋਏ, ਪੁੱਡਾ ਦੀ ਮੁੱਖ ਪ੍ਰਸ਼ਾਸਕ ਨੀਰੂ ਕਤਿਆਲ ਨੇ 5 ਗਮਾਡਾ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਕਾਰਵਾਈ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ, ਪੁੱਡਾ ਦੀ ਮੁੱਖ ਪ੍ਰਸ਼ਾਸਕ ਨੀਰੂ ਕਤਿਆਲ ਗੁਪਤਾ ਵੱਲੋਂ ਕੀਤੀ ਗਈ ਹੈ। ਮੁਅੱਤਲ ਕੀਤੇ ਅਧਿਕਾਰੀਆਂ ਵਿੱਚ ਪਰਮਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਸਿਵਲ, ਜਰਮਨਜੋਤ ਸਿੰਘ, ਪੰਕਜ ਮਹਿਮੀ, ਕਾਰਜਕਾਰੀ ਇੰਜੀਨੀਅਰ ਸਿਵਲ, ਡਿਪਟੀ ਕਾਰਜਕਾਰੀ ਇੰਜੀਨੀਅਰ ਸਿਵਲ, ਹਰਮਨਜੀਤ ਸਿੰਘ ਖਹਿਰਾ, ਜੂਨੀਅਰ ਇੰਜੀਨੀਅਰ-ਸਿਵਲ ਅਤੇ ਬਲਕਰਨ ਸਿੰਘ ਜੂਨੀਅਰ ਇੰਜੀਨੀਅਰ, ਸਿਵਲ ਸ਼ਾਮਲ ਹਨ। ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜੋੜਨ ਵਾਲੀ ਇਹ ਨਵੀਂ ਸੜਕ 164 ਫੁੱਟ ਤੋਂ 300 ਫੁੱਟ ਚੌੜੀ ਵਿੱਚ ਬਣਾਈ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਨਿਰੀਖਣ ਦੌਰਾਨ ਹਰਦੀਪ ਮੁੰਡੀਆਂ ਨੇ ਪਾਇਆ ਕਿ ਕੰਮ ਦੀ ਰਫ਼ਤਾਰ ਹੌਲੀ ਸੀ ਅਤੇ ਕੰਮ ਚੰਗੀ ਗੁਣਵੱਤਾ ਨਾਲ ਨਹੀਂ ਹੋ ਰਿਹਾ ਸੀ। ਇਸ 'ਤੇ ਉਨ੍ਹਾਂ ਨੇ ਮੌਕੇ 'ਤੇ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕੀਤੀ। ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਕਾਗਜ਼ਾਂ 'ਤੇ ਦਿਖਾਈ ਗਈ ਕੰਮ ਦੀ ਪ੍ਰਗਤੀ ਦੇ ਮੁਕਾਬਲੇ ਜ਼ਮੀਨੀ ਪੱਧਰ 'ਤੇ ਬਹੁਤ ਘੱਟ ਕੰਮ ਹੋਇਆ ਹੈ। ਇਸ ਤੋਂ ਇਲਾਵਾ ਕੰਮ ਦੀ ਗੁਣਵੱਤਾ ਵੀ ਮਿਆਰਾਂ ਦੇ ਅਨੁਸਾਰ ਨਹੀਂ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਇਸ ਲਈ ਜ਼ਿੰਮੇਵਾਰ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਐਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਸੂਬੇ ਦੇ ਸਰਬਪੱਖੀ ਅਤੇ ਯੋਜਨਾਬੱਧ ਵਿਕਾਸ ਲਈ ਵਚਨਬੱਧ ਹੈ, ਉੱਥੇ ਸਰਕਾਰੀ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਅਤੇ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੂਬੇ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਬਣ ਗਿਆ ਹੈ, ਜਿੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਰਿਹਾਇਸ਼ੀ ਖੇਤਰਾਂ ਅਤੇ ਕਾਰਪੋਰੇਟ ਦਫਤਰਾਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਇਸ ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ ਅਤੇ ਉਹ ਖੁਦ ਸਮੇਂ-ਸਮੇਂ 'ਤੇ ਇੱਥੇ ਚੱਲ ਰਹੇ ਕੰਮ ਦਾ ਨਿਰੀਖਣ ਕਰਦੇ ਰਹਿਣਗੇ।