Jalandhar News: 114 ਸਾਲ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਮੁਲਜ਼ਮ ਕੋਲੋਂ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ, ਜਿਸ ਨਾਲ ਹਾਦਸਾ ਵਪਾਰਿਆ ਸੀ। ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਢਿੱਲੋਂ (26), ਦਾਸੂਪੁਰ, ਕਰਤਾਰਪੁਰ ਵਜੋਂ ਹੋਈ ਹੈ, ਜਿਸਨੇ 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ। ਹਾਦਸੇ ਵਿੱਚ ਵਰਤੀ ਗਈ ਫਾਰਚੂਨਰ ਕਾਰ (ਪੀਬੀ 20 ਸੀ 7100) ਵੀ ਬਰਾਮਦ ਕਰ ਲਈ ਗਈ ਹੈ।
ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਹਾਦਸੇ ਸਮੇਂ ਉਹ ਇਕੱਲਾ ਸੀ ਤੇ ਭੋਗਪੁਰ ਤੋਂ ਕਿਸ਼ਨਗੜ੍ਹ ਜਾ ਰਿਹਾ ਸੀ। ਸੀਸੀਟੀਵੀ ਫੁਟੇਜ ਅਤੇ ਹੈੱਡਲਾਈਟ ਦੇ ਟੁਕੜੇ ਜਾਂਚ ਵਿੱਚ ਮਹੱਤਵਪੂਰਨ ਸੁਰਾਗ ਸਾਬਤ ਹੋਏ, ਜਿਨ੍ਹਾਂ ਦੀ ਮਦਦ ਨਾਲ ਮੁਲਜ਼ਮ ਤੱਕ ਪਹੁੰਚ ਕੀਤੀ ਗਈ। ਆਦਮਪੁਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਬੀਐਨਐਸ ਦੀ ਧਾਰਾ 281 ਅਤੇ 105 ਤਹਿਤ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਮੁਲਜ਼ਮ ਨੂੰ ਫੜ ਲਿਆ।
ਐੱਸਐੱਸਪੀ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਸੀ ਕਿ ਇੱਕ ਚਿੱਟੀ ਕਾਰ ਜੋ ਕਿ ਫਾਰਚੂਨਰ ਜਾਂ ਇਨੋਵਾ ਹੋ ਸਕਦੀ ਹੈ, ਨੇ ਮੈਰਾਥਨ ਦੌੜਾਕ ਨੂੰ ਟੱਕਰ ਮਾਰੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਵਾਲੇ ਸਾਰੇ ਵੀਡੀਓਜ਼ ਦੀ ਜਾਂਚ ਕੀਤੀ ਤਾਂ ਜੋ ਉਸ ਵਾਹਨ, ਜਿਸ ਦੀ ਹੈੱਡਲਾਈਟ ਤੇ ਬੰਪਰ ਕੁਝ ਹਿੱਸੇ ਗਾਇਬ ਸਨ, ਦਾ ਪਤਾ ਲੱਗ ਸਕੇ। ਉਨ੍ਹਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਸ ਵਾਹਨ ਦੇ ਉਕਤ ਦੋਵੇਂ ਹਿੱਸੇ ਹਾਦਸੇ ਵਾਲੀ ਥਾਂ ਤੋਂ ਪਹਿਲਾਂ ਠੀਕ ਸਨ, ਜਿਸ ਤੋਂ ਪੁਸ਼ਟੀ ਹੋਈ ਕਿ ਇਸੇ ਵਾਹਨ ਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਫਾਰਚੂਨਰ (ਪੀਬੀ20-ਡੀਸੀ-7100) ਬਲਾਚੌਰ ਸ਼ਹਿਰ ਦੇ ਹਰਪ੍ਰੀਤ ਦੇ ਨਾਂ ’ਤੇ ਰਜਿਸਟਰ ਹੈ। ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਵਾਹਨ ਨੂੰ ਹਰਪ੍ਰੀਤ ਦੇ ਬਾਅਦ ਤਿੰਨ ਵਾਰ ਵੇਚਿਆ ਗਿਆ ਹੈ। ਇਸ ਤੋਂ ਪਹਿਲਾਂ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਹਾਦਸੇ ਤੋਂ ਠੀਕ ਪਹਿਲਾਂ ਘਟਨਾ ਵਾਲੀ ਥਾਂ ਤੋਂ ਲੁਧਿਆਣਾ ਦੇ ਸੇਵਾਮੁਕਤ ਡੀਐੱਸਪੀ ਵੀ ਕਾਰ ਲੈ ਕੇ ਨਿਕਲੇ ਸਨ।
ਪੁਲਿਸ ਨੇ ਸੋਮਵਾਰ ਨੂੰ ਡੀਐੱਸਪੀ ਤੋਂ ਵੀ ਪੁੱਛਗਿਛ ਕੀਤੀ। ਕੜੀ ਨਾਲ ਕੜੀ ਜੋੜਦੇ ਹੋਏ ਪੁਲਿਸ ਮੁਲਜ਼ਮ ਤੱਕ ਪੁੱਜ ਗਈ। ਇਹ ਹਾਦਸਾ ਸੋਮਵਾਰ ਦੁਪਹਿਰ ਬਾਅਦ 3.10 ਵਜੇ ਵਾਪਰਿਆ ਸੀ ਜਦੋਂ ਫੌਜਾ ਸਿੰਘ ਬਿਆਸ ਪਿੰਡ ਵਿੱਚ ਆਪਣੇ ਘਰ ਨੇੜੇ ਜਲੰਧਰ-ਪਠਾਨਕੋਟ ਹਾਈਵੇਅ ਪਾਰ ਕਰ ਕੇ ਆਪਣੇ ਪਰਿਵਾਰ ਦੀ ਮਾਲਕੀ ਵਾਲੇ ਢਾਬੇ ’ਤੇ ਜਾ ਰਹੇ ਸਨ। ਸੀਸੀਟੀਵੀ ਫੁਟੇਜ ਵਿੱਚ ਉਹ ਆਪਣੀ ਜਗ੍ਹਾ ਤੋਂ ਹਾਈਵੇਅ ਵੱਲ ਜਾਂਦੇ ਦਿਖਾਏ ਦਿੱਤੇ। ਉਹ ਆਪਣੀ ਸੋਟੀ ਨਾਲ ਹੌਲੀ-ਹੌਲੀ ਤੁਰਦੇ ਦਿਖਾਈ ਦੇ ਰਹੇ ਹਨ। ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਹ ਘਰ ਵਿੱਚ ਨਹੀਂ ਸਨ।