Fraud News(ਕੁਲਦੀਪ ਸਿੰਘ): ਦੇਸ਼ ਭਰ ਅਤੇ ਪੰਜਾਬ ਵਿੱਚ ਫਰੋਡ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ। ਜਿੱਥੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਉੱਥੇ ਹੀ ਪੜੇ ਲਿਖੇ ਲੋਕ ਵੀ ਇਹਨਾਂ ਦੇ ਜਾਲ ਵਿੱਚ ਫਸ ਰਹੇ ਹਨ। ਹਾਲ ਹੀ ਦੇ ਵਿੱਚ ਇੱਕ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ ਅਤੇ ਦੂਜਾ ਮਾਮਲਾ ਬਨੂੜ ਤੋਂ ਸਾਹਮਣੇ ਆਇਆ ਹੈ।
ਜ਼ੀਰਕਪੁਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਨੂੰ ਜ਼ੀਰਕਪੁਰ ਪਟਿਆਲਾ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ 'ਚ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਬਜ਼ੁਰਗ ਵਿਅਕਤੀ ਏਟੀਐਮ ਚੋਂ ਪੈਸੇ ਕਢਵਾਉਣ ਗਿਆ ਸੀ, ਜਿੱਥੇ ਸ਼ਾਤਿਰ ਠੱਗਾ ਵੱਲੋਂ ਬਜ਼ੁਰਗ ਵਿਅਕਤੀ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਏਟੀਐਮ ਕਾਰਡ ਬਦਲ ਲਿਆ ਗਿਆ। ਠੱਗਾਂ ਵੱਲੋਂ ਪਹਿਲਾਂ ਇਕ ਲੱਖ ਅਤੇ ਫੇਰ 2 ਲੱਖ ਰੁਪਏ ਦੀ ਟਰਾਂਜੈਕਸ਼ਨ ਦਾ ਮੈਸੇਜ ਅਤੇ ਬਾਅਦ ਦੇ ਵਿੱਚ 95 ਹਜ਼ਾਰ ਰੁਪਏ ਏਟੀਐਮ ਕਾਰਡ ਰਾਹੀਂ ਕਰਵਾਏ ਜਾਣ ਦਾ ਮੈਸੇਜ ਬਜ਼ੁਰਗ ਦੇ ਮੋਬਾਈਲ 'ਤੇ ਆਇਆ। ਪੀੜਿਤ ਬਜ਼ੁਰਗ ਵੱਲੋਂ ਥਾਣਾ ਜੀਰਕਪੁਰ ਨੂੰ ਮਾਮਲੇ ਸਬੰਧੀ ਸ਼ਿਕਾਇਤ ਕੀਤੀ ਗਈ। ਜਿਸ ਤੋਂ ਬਾਅਦ ਬੀਐਨਐਸ ਦੀਆਂ ਤਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਦੂਜਾ ਆਨਲਾਈਨ ਫਰੋਡ ਦਾ ਮਾਮਲਾ ਬਨੂੜ 'ਚ ਪੈਂਦੇ ਪਿੰਡ ਖਿਜਰਗੜ੍ਹ ਕਨੋੜ ਦੇ ਭੋਲੇ ਭਾਲੇ ਬਜ਼ੁਰਗ ਨਾਲ ਵਾਪਰਿਆ ਹੈ। ਪੀੜ੍ਹਤ ਅਮਰਜੀਤ ਸਿੰਘ ਦਾ ਏਟੀਐਮ ਕਾਰਡ ਬਦਲ ਕੇ ਬੈਂਕ ਖਾਤੇ ਚੋਂ 65 ਹਜਾਰ ਰੁਪਏ ਕਢਵਾ ਲਏ ਗਏ ਸਨ। ਵਿਅਕਤੀ ਵੱਲੋਂ ਥਾਣਾ ਬਨੂੜ ਅਤੇ ਐਸਐਸਪੀ ਮੋਹਾਲੀ ਨੂੰ ਕੰਪਲੇਂਟ ਦਿੱਤੀ ਗਈ ਹੈ।ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਉਚਿਤ ਕਾਰਵਾਈ ਕਰਨ ਦੀ ਗੱਲ ਆਖੀ ਗਈ ਸੀ। ਪਰ ਅਜੇ ਕੋਈ ਕਾਰਵਾਈ ਨਹੀਂ ਹੋਈ। ਜਿਸ ਨੂੰ ਲੈ ਕੇ ਪੀੜਤ ਵਿਅਕਤੀ ਵੱਲੋੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਜਦੋਂ ਜ਼ੀ ਮੀਡੀਆ ਦੇ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੀੜ੍ਹਤਾਂ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਠੱਗੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।