Kabbadi Player Murder: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਸਨਸਨੀਖੇਜ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਖੇਤੀਬਾੜੀ ਸਟੋਰ ਵਿੱਚ ਮੌਜੂਦ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਨੋਨੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ, ਜੋ ਕਿ ਮਸ਼ਹੂਰ ਕਬੱਡੀ ਖਿਡਾਰੀ ਦੱਸਿਆ ਜਾਂਦਾ ਹੈ।
ਇਸ ਤੋਂ ਇਲਾਵਾ ਉਹ ਵਿਦੇਸ਼ 'ਚ ਬੈਠੇ ਗੈਂਗਸਟਰ ਸਤਨਾਮ ਸਿੰਘ ਸੱਤਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ, ਜਿਸ ਖਿਲਾਫ਼ ਫਿਰੌਤੀ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਇਸ ਵਾਰਦਾਤ ਦੀ ਸੀਸੀਟੀਵੀ ਵੀ ਸਾਹਮਣੇ ਆ ਗਈ ਹੈ। ਜਿਸ ਵਿੱਚ ਦਿਖਾਈ ਦੇ ਰਹੇ ਹੈ ਕਿ ਦੋ ਤੋਂ ਤਿੰਨ ਬੰਦਿਆਂ ਵਿਚਾਲੇ ਫਾਇਰਿੰਗ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਕਰੀਬ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।
ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਫਿਰੌਤੀ ਤੋਂ ਤੰਗ ਆ ਕੇ ਇੱਕ ਕਾਰੋਬਾਰੀ ਨੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ।
ਪਿਤਾ ਦੀ ਰੋ-ਰੋ ਕੇ ਵਿਗੜੀ ਹਾਲਤ
ਜਦੋਂ ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਨੂੰ ਆਪਣੇ ਪੁੱਤਰ ਦੇ ਕਤਲ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ। ਉਹ ਸਿਰਫ਼ ਰੋਂਦਾ ਰਿਹਾ। ਗੁਰਪ੍ਰੀਤ ਸਿੰਘ ਦੀ ਹਾਲਤ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਪੂਰੇ ਮਾਮਲੇ ਸਬੰਧੀ ਐਸਐਚਓ ਅਮਰੀਕ ਸਿੰਘ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ 7 ਵਜੇ ਦੀ ਹੈ। ਇਸ ਘਟਨਾ ਦੀ ਸੂਚਨਾ ਉਨ੍ਹਾਂ ਕੋਲ ਸਾਢੇ ਸੱਤ ਵਜੇ ਪੁੱਜੀ। ਪਤਾ ਲੱਗਾ ਹੈ ਕਿ ਇਸ ਘਟਨਾ ਨੂੰ ਕਿਸੇ ਪੁਰਾਣੀ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਵੇਗੀ।