Patiala News: ਪਟਿਆਲਾ ਸ਼ਹਿਰ ਵਿੱਚ ਇਨ੍ਹੀਂ ਦਿਨੀਂ ਨਗਰ ਨਿਗਮ ਦੇ ਦਰਜਾ-4 ਕਰਮਚਾਰੀਆਂ ਦੀ ਯੂਨੀਅਨ ਦੀ ਹੜਤਾਲ ਚੱਲ ਰਹੀ ਹੈ। ਇਸ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਦਾ ਕੰਮ ਵੀ ਠੱਪ ਹੋ ਗਿਆ ਹੈ, ਜਿਸ ਕਰਕੇ ਸ਼ਹਿਰ ਵਿੱਚ ਜਗ੍ਹਾਂ-ਜਗ੍ਹਾਂ ਕੂੜੇ ਦੇ ਢੇਰ ਲੱਗੇ ਹੋਏ ਨਜ਼ਰ ਆ ਰਹੇ ਹਨ। ਇਹ ਹੜਤਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ।
ਯੂਨੀਅਨ ਦੀ ਮੰਗਾਂ ਹਨ ਕਿ ਤਿਉਹਾਰਾਂ ਦੀਆਂ ਛੁੱਟੀਆਂ 'ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ, ਸੀਵਰਮੈਨਾਂ, ਡਰਾਈਵਰਾਂ ਨੂੰ ਅਦਾਇਗੀ ਕੀਤੀ ਜਾਵੇ ਅਤੇ ਨਗਰ ਨਿਗਮ ਵਰਕਸ਼ਾਪ ਵਿੱਚ 15-20 ਸਾਲਾਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਜੇਸੀਬੀ ਆਪ੍ਰੇਟਰਾਂ ਨੂੰ ਪੱਕਾ ਕੀਤਾ ਜਾਵੇ। ਨਗਰ ਨਿਗਮ ਵਿੱਚ ਸਫਾਈ ਕਰਮਚਾਰੀਆਂ, ਸੀਵਰਮੈਨ, ਮਾਲੀ, ਬੇਲਦਾਰ, ਚੌਂਕੀਦਾਰ ਆਦਿ ਦੀਆਂ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।
ਇਸ ਦਰਮਿਆਨ ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਖੇ ਪਾਣੀ ਵਾਲੀ ਟੈਂਕੀ ਕੋਲ ਵਿਸ਼ੇਸ਼ ਤੌਰ 'ਤੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਜਿੱਥੇ ਕਾਫੀ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਨ੍ਹਾਂ ਵਿੱਚ ਮਰੇ ਹੋਏ ਜਾਨਵਰ ਵੀ ਪਏ ਹੋਏ ਹਨ। ਇਸ ਕਾਰਨ ਇਲਾਕੇ ਵਿੱਚ ਗੰਦੀ ਬਦਬੂ ਫੈਲੀ ਹੋਈ ਹੈ ਜਿਸ ਕਾਰਨ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਅੱਜ ਇਲਾਕੇ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਇਸ ਮਾਮਲੇ 'ਤੇ ਰੋਸ ਜਤਾਇਆ ਹੈ ਅਤੇ ਮੰਗ ਕੀਤੀ ਕਿ ਸ਼ਹਿਰ 'ਚੋਂ ਤੁਰੰਤ ਇਹ ਕੂੜਾ ਹਟਾਇਆ ਜਾਵੇ। ਇੱਕ ਦੁਕਾਨਦਾਰ ਨੇ ਕਿਹਾ, “ਕੂੜੇ ਦੀ ਬਦਬੂ ਇੰਨੀ ਜ਼ਿਆਦਾ ਹੈ ਕਿ ਸਾਡੇ ਕੋਲ ਗਾਹਕ ਆਉਣੇ ਵੀ ਬੰਦ ਹੋ ਗਏ ਹਨ। ਸਿਰਫ ਇਨ੍ਹਾਂ ਹੀ ਨਹੀਂ ਕੂੜੇ ਦੇ ਢੇਰਾਂ ਵਿੱਚੋਂ ਫੈਲ ਰਹੀ ਬਦਬੂ ਅਤੇ ਗੰਦਗੀ ਕਾਰਨ ਮੱਖੀਆਂ-ਮੱਛਰ ਵੀ ਫੈਲ ਰਹੇ ਹਨ ਜਿਨ੍ਹਾਂ ਕਰਕੇ ਬਿਮਾਰ ਹੋਣ ਦਾ ਡਰ ਵੀ ਬਣਿਆ ਹੋਇਆ ਹੈ।” ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਤੇ ਸਰਕਾਰ ਤੁਰੰਤ ਯੂਨੀਅਨ ਵੱਲੋਂ ਕੀਤੀ ਜਾ ਰਹੀ ਇਸ ਹੜਤਾਲ ਦਾ ਹੱਲ ਕੱਢੇ ਤਾਂ ਜੋ ਸਫ਼ਾਈ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕੇ।