Zirakpur News: ਜ਼ੀਰਕਪੁਰ ਵਿੱਚ ਐਲਪੀਜੀ ਗੈਸ ਸਿਲੰਡਰ ਖਪਤਕਾਰਾਂ ਨੂੰ ਸਬਸਿਡੀ ਪ੍ਰਦਾਨ ਕਰਨ ਦੇ ਹਾਲ ਹੀ ਦੇ ਫੈਸਲੇ ਦੇ ਮੱਦੇਨਜ਼ਰ, ਜ਼ੀਰਕਪੁਰ ਦੇ ਨਾਗਲਾ ਵਿੱਚ ਸਥਿਤ ਜ਼ੀਰਕਪੁਰ ਗੈਸ ਏਜੰਸੀ ਆਪਣੇ ਖਪਤਕਾਰਾਂ ਦੇ ਈ-ਕੇਵਾਈਸੀ ਨੂੰ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਦੀ ਆੜ ਹੇਠ ਏਜੰਸੀ ਖਪਤਕਾਰਾਂ ਨੂੰ ਜ਼ਬਰਦਸਤੀ 190 ਵਸੂਲ ਸਿਲੰਡਰ ਅਤੇ ਗੈਸ ਚੁੱਲ੍ਹੇ ਵਿਚਕਾਰ ਲੱਗਣ ਵਾਲੀ ਪਾਈਪ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਹਵਾਲਾ ਦਿੱਤਾ ਜਾ ਰਿਹਾ ਕਿ ਗਾਹਕਾਂ ਨੂੰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਗੈਸ ਪਾਈਪ ਦਿੱਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਵੀ ਕੰਪਨੀ ਵੱਲੋਂ ਹਦਾਇਤ ਕੀਤੀ ਗਈ ਹੈ, ਜਦਕਿ ਉਪਭੋਗਤਾਵਾਂ ਵੱਲੋਂ ਏਜੰਸੀ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਗੈਸ ਏਜੰਸੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਖਪਤਕਾਰਾਂ ਦੇ ਈ-ਕੇਵਾਈਸੀ ਨੂੰ ਅਪਡੇਟ ਕਰ ਰਹੀ ਹੈ ਤਾਂ ਜੋ ਸਬਸਿਡੀਆਂ ਦੀ ਪਾਰਦਰਸ਼ਤਾ ਅਤੇ ਕੁਸ਼ਲ ਡਿਲੀਵਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਹਾਲਾਂਕਿ, ਖਪਤਕਾਰਾਂ ਨੇ ਏਜੰਸੀ ਵਾਲੇ ਉਨ੍ਹਾਂ ਨੂੰ ਜ਼ਬਰਦਸਤੀ ਪਾਈਪ ਮੜ੍ਹਨ ਅਤੇ ਇਸਦੇ ਲਈ ਉਨ੍ਹਾਂ ਤੋਂ 190 ਰੁਪਏ ਵਸੂਲਣ ਦੇ ਫੈਸਲੇ 'ਤੇ ਵਿਰੋਧ ਜ਼ਾਹਰ ਕੀਤਾ ਹੈ। ਜਦੋਂ ਸਾਡੇ ਜ਼ੀ ਮੀਡੀਆ ਦੇ ਪੱਤਰਕਾਰ ਨੇ ਗਾਹਕ ਬਣ ਕੇ ਕੰਪਨੀ ਦੇ ਗੋਦਾਮ ਕਰਮਚਾਰੀ ਨਾਲ ਗੱਲ ਕੀਤੀ, ਤਾਂ ਕਰਮਚਾਰੀ ਨੇ ਉਸਨੂੰ ਦੱਸਿਆ ਕਿ ਪਾਈਪਾਂ ਖਰੀਦਣਾ ਲਾਜ਼ਮੀ ਹੈ। ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਉਪਭੋਗਤਾਵਾਂ ਨੇ ਇਸ ਜ਼ਬਰਦਸਤੀ ਲਈ ਨਿਰਾਸ਼ਾ ਜ਼ਾਹਰ ਕੀਤੀ ਹੈ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਇਸ ਵਾਧੂ ਚਾਰਜ ਬਾਰੇ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ, ਹਾਲਾਂਕਿ ਉਪਭੋਗਤਾਵਾਂ ਨੂੰ ਦਿੱਤੀ ਜਾ ਰਸੀਦ ਤੇ ਕਿਤੇ ਵੀ ਪਾਈਪ ਦੀ ਕੀਮਤ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਜਾਣਕਾਰੀ ਤੋਂ ਬਾਅਦ ਜਦੋਂ ਜੀ ਮੀਡੀਆ ਵੱਲੋਂ ਸ਼ਨੀਵਾਰ ਨੂੰ ਨਗਲਾ ਸਥਿੱਤ ਕੰਪਨੀ ਦੇ ਗੋਦਾਮ ਤੇ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਹੋਰ ਵੀ ਕਈ ਖੁਲਾਸੇ ਹੋਏ ਕਿ ਇੱਥੋਂ ਬਲੈਕ ਵਿੱਚ ਵੀ ਸਿਲੰਡਰ ਹਾਸਲ ਕੀਤਾ ਜਾ ਸੱਕਦਾ ਹੈ, ਬਸ ਉਸ ਲਈ ਥੋਨੂੰ ਜੇਬ੍ਹ ਢਿੱਲੀ ਕਰਨੀ ਪਵੇਗੀ। ਗੋਦਾਮ ਤੇ ਮੌਜੂਦ ਕੰਪਨੀ ਦੇ ਕਰਿੰਦੇ ਨੇ ਕਿਹਾ ਕਿ ਬਿਨਾਂ ਕਾਪੀ ਤੋਂ ਬਲੈਕ ਵਿੱਚ ਸੀਲੈਂਡਰ 1050 ਤੋਂ 1150 ਰੁਪਏ ਵਿੱਚ ਹਾਸਲ ਕੀਤਾ ਜਾ ਸੱਕਦਾ ਹੈ, ਜਦਕੀ ਬੁਕਿੰਗ ਕਰਕੇ ਉਪਭੋਗਤਾ ਨੂੰ 863 ਰੁਪਏ ਦਾ ਦਿੱਤਾ ਜਾਂਦਾ ਹੈ।
ਗੱਲਬਾਤ ਦੌਰਾਨ ਇਕ ਉਪਭੋਗਤਾ ਸੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਹਵਾਲਾ ਦੇ 190 ਰੁਪਏ ਦੀ ਪਾਈਪ ਮੜ੍ਹ ਦਿੱਤੀ ਗਈ ਕਿ 5 ਸਾਲ ਵਿੱਚ ਇਕ ਵਾਰ ਪਾਈਪ ਲੈਣੀ ਹੀ ਪਵੇਗੀ। ਉਨ੍ਹਾਂ ਏਜੰਸੀ ਤੇ ਫੋਨ ਨਾ ਚੁੱਕਣ ਦੇ ਵੀ ਦੋਸ਼ ਲਗਾਏ। ਇਕ ਹੋਰ ਉਪਭੋਗਤਾ ਨੇ ਦੱਸਿਆ ਕਿ ਉਸਨੂੰ ਕੰਪਨੀ ਵੱਲੋਂ ਮੈਸੇਜ ਆਇਆ ਕਿ 863 ਰੁਪਏ ਦਾ ਸੀਲੈਂਡਰ ਹੈ ਪਰ ਇੱਥੇ ਪਹੁੰਚਣ ਤੇ ਉਸਨੂੰ 190 ਰੁਪਏ ਦੀ ਪਾਈਪ ਨਾਲ਼ੀ ਜੋੜ 1053 ਰੁਪਏ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਕਿ ਕੰਪਨੀ ਦੀ ਸ਼ਰੇਆਮ ਲੁੱਟ ਅਤੇ ਧੱਕੇਸ਼ਾਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਬਿਨਾਂ ਪਾਈਪ ਦੇ ਸੀਲੈਂਡਰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਕੀ ਕਹਿਣਾ ਹੈ ਏਜੰਸੀ ਦੇ ਮੈਨੇਜਰ ਦਾ
ਇਨ੍ਹਾਂ ਦੋਸ਼ਾਂ ਦੇ ਜਵਾਬ ਵਿੱਚ, ਜ਼ੀਰਕਪੁਰ ਗੈਸ ਏਜੰਸੀ ਦੇ ਮੈਨੇਜਰ ਸਵਨਜੀਤ ਸਿੰਘ ਨੇ ਕਿਹਾ ਹੈ ਕਿ ਈ-ਕੇਵਾਈਸੀ ਅਪਡੇਟ ਪ੍ਰਕਿਰਿਆ ਜ਼ਰੂਰੀ ਕਰ ਦਿੱਤੀ ਗਈ ਹੈ ਤਾਂ ਜੋ ਅਸਲ ਉਪਭੋਗਤਾਵਾ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕੰਪਨੀ ਦਾ ਸੁਰੱਖਿਆ ਕਰਨਾ ਦੇ ਚਲਦਿਆਂ ਮਾਨਕ ਹੈ ਕਿ 5 ਸਾਲ ਵਿੱਚ ਇਕ ਵਾਰ ਗੈਸ ਪਾਈਪ ਬਦਲਣੀ ਜ਼ਰੂਰੀ ਹੈ ਜਿਸ ਲਈ ਉਨ੍ਹਾਂ ਵੱਲੋਂ ਪਾਈਪ ਦੇ 190 ਰੁਪਏ ਚਾਰਜ ਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਪਰਚੀ ਉਤੇ ਪੈਸੇ ਨਹੀਂ ਲਿਖੇ ਗਏ ਪਰ ਉਨ੍ਹਾਂ ਵੱਲੋਂ ਦਿੱਤੀ ਜਾ ਰਹੀ ਪਾਈਪ ਦੇ ਪੈਕਟ ਉਤੇ ਕੀਮਤ ਲਿਖੀ ਹੋਈ ਹੈ। ਜਦੋਂ ਉਨ੍ਹਾਂ ਨੂੰ ਸਿਲੰਡਰ ਬਲੈਕ ਵੇਚਣ ਦੀ ਗੱਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਨੀਆ ਬਹੁਤ ਕੁੱਝ ਕਰ ਰਹੀ ਹੈ ਪਰ ਸਾਡੇ ਵੱਲੋਂ ਬੁਕਿੰਗ ਉਪਰੰਤ 862 ਰੁਪਏ ਦਾ ਹੀ ਸਿਲੰਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਬਣੇ ਜੰਗ ਦੇ ਹਾਲਾਤ ਕਾਰਨ ਸਪਲਾਈ ਵਿੱਚ ਵਿਘਨ ਪਿਆ ਸੀ ਜਿਸ ਕਰਕੇ ਕੁਝ ਲੋਕ ਨੌਕਰੀ ਦਾ ਹਵਾਲਾ ਦੇ ਸ਼ਨੀਵਾਰ ਐਤਵਾਰ ਨੂੰ ਗੋਦਾਮ ਤੋਂ ਹੀ ਸਿਲੰਡਰ ਲੈਣ ਆ ਜਾਂਦੇ ਹਨ।
ਆਨਲਾਈਨ ਪਾਈਪ ਦੀ ਕੀਮਤ 60 ਰੁਪਏ ਹੈ, ਚਾਰਜ ਕੀਤੇ ਜਾ ਰਹੇ ਹਨ 190 ਰੁਪਏ
ਕੰਪਨੀ ਦੀ ਗੈਸ ਪਾਈਪ ਜੋ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਹੈ, ਉਹ 60 ਰੁਪਏ ਵਿੱਚ ਔਨਲਾਈਨ ਉਪਲਬਧ ਹੈ। ਜਦਕਿ ਏਜੰਸੀ ਵਿਖੇ ਖਪਤਕਾਰਾਂ ਨੂੰ 190 ਰੁਪਏ ਵਿੱਚ ਦਿੱਤੀ ਜਾ ਰਿਹਾ ਹੈ। ਜਿਸ ਕਾਰਨ ਖਪਤਕਾਰਾਂ ਵਿੱਚ ਗੁੱਸਾ ਹੈ ਅਤੇ ਕਈ ਥਾਵਾਂ 'ਤੇ ਏਜੰਸੀਆਂ ਦੇ ਕਰਮਚਾਰੀਆਂ ਅਤੇ ਉਪਭੋਗਤਾਵਾਂ ਵਚਾਲੇ ਝਗੜੇ ਦੀ ਸਥਿਤੀ ਵੀ ਪੈਦਾ ਹੋ ਰਹੀ ਹੈ।