Home >>Punjab

ਸਰਕਾਰੀ ਏਜੰਸੀਆਂ ਨਹੀਂ ਖ਼ਰੀਦ ਰਹੀਆਂ ਮੱਕੀ; ਕਿਸਾਨ 600 ਰੁਪਏ ਘਾਟੇ ਉਤੇ ਪ੍ਰਾਈਵੇਟ ਏਜੰਸੀਆਂ ਨੂੰ ਵੇਚਣ ਲਈ ਮਜਬੂਰ

Samrala News: ਸਮਰਾਲਾ ਵਿੱਚ ਇਸ ਸਾਲ ਮੌਨਸੂਨ ਤੋਂ ਪਹਿਲਾਂ ਹੀ ਪੈਣ ਵਾਲੇ ਮੀਂਹ ਨੇ ਭਾਵੇਂ ਅਸਮਾਨ ਤੋਂ ਵਰ੍ਹਦੀ ਅੱਗ ਤੋਂ ਆਮ ਲੋਕਾਂ ਨੂੰ ਰਾਹਤ ਤਾਂ ਦਿੱਤੀ ਹੈ ਪਰ ਅਨਾਜ ਮੰਡੀਆਂ ਵਿੱਚ ਵਿਕਣ ਆਈ ਮੱਕੀ ਦੇ ਭਾਅ 600 ਰੁਪਏ ਕੁਇੰਟਲ ਤੱਕ ਘੱਟ ਜਾਣ ਕਾਰਨ ਮੱਕੀ ਉਤਪਾਦਕ ਕਿਸਾਨ ਸੁੱਕਣੇ ਪਾ ਦਿੱਤੇ ਹਨ। 

Advertisement
ਸਰਕਾਰੀ ਏਜੰਸੀਆਂ ਨਹੀਂ ਖ਼ਰੀਦ ਰਹੀਆਂ ਮੱਕੀ; ਕਿਸਾਨ 600 ਰੁਪਏ ਘਾਟੇ ਉਤੇ ਪ੍ਰਾਈਵੇਟ ਏਜੰਸੀਆਂ ਨੂੰ ਵੇਚਣ ਲਈ ਮਜਬੂਰ
Ravinder Singh|Updated: Jun 22, 2025, 05:15 PM IST
Share

Samrala News (ਵਰੁਣ ਕੌਸ਼ਲ): ਸਮਰਾਲਾ ਵਿੱਚ ਇਸ ਸਾਲ ਮੌਨਸੂਨ ਤੋਂ ਪਹਿਲਾਂ ਹੀ ਪੈਣ ਵਾਲੇ ਮੀਂਹ ਨੇ ਭਾਵੇਂ ਅਸਮਾਨ ਤੋਂ ਵਰ੍ਹਦੀ ਅੱਗ ਤੋਂ ਆਮ ਲੋਕਾਂ ਨੂੰ ਰਾਹਤ ਤਾਂ ਦਿੱਤੀ ਹੈ ਪਰ ਅਨਾਜ ਮੰਡੀਆਂ ਵਿੱਚ ਵਿਕਣ ਆਈ ਮੱਕੀ ਦੇ ਭਾਅ 600 ਰੁਪਏ ਕੁਇੰਟਲ ਤੱਕ ਘੱਟ ਜਾਣ ਕਾਰਨ ਮੱਕੀ ਉਤਪਾਦਕ ਕਿਸਾਨ ਸੁੱਕਣੇ ਪਾ ਦਿੱਤੇ ਹਨ। ਸਰਕਾਰ ਨੇ ਭਾਵੇਂ ਘੱਟੋ-ਘੱਟ ਮੱਕੀ ਦੀ ਫਸਲ ਦੀ ਕੀਮਤ 2400 ਪ੍ਰਤੀ ਕੁਇੰਟਲ ਨਿਸ਼ਚਿਤ ਕੀਤੀ ਹੈ ਪਰ ਸਰਕਾਰੀ ਏਜੰਸੀ ਵੱਲੋਂ ਮੱਕੀ ਦੀ ਖਰੀਦ ਤੋਂ ਪਾਸਾ ਵੱਟਣ ਦੀ ਨੀਤੀ ਕਾਰਨ ਮੱਕੀ ਦਾ ਭਾਅ ਪ੍ਰਾਈਵੇਟ ਵਪਾਰੀ ਦੇ ਰਹਿਮੋ ਕਰਮ 'ਤੇ ਹੀ ਨਿਰਭਰ ਹੈ। ਅਚਨਚੇਤ ਆਏ ਮੀਂਹ ਨਾ ਸਿਰਫ ਮੱਕੀ ਦੀ ਫਸਲ ਵਿੱਚ ਸਿਲ੍ਹ ਦਾ ਵਾਧਾ ਕਰ ਦਿੱਤਾ ਹੈ ਬਲਕਿ ਮੰਡੀਆਂ ਵਿੱਚ ਪਈ ਮੱਕੀ ਨੂੰ ਉਲ੍ਹੀ ਤੱਕ ਲੱਗਣ ਦੀ ਨੌਬਤ ਆ ਗਈ ਹੈ।

ਅੱਜ ਸਥਾਨਕ ਅਨਾਜ ਮੰਡੀ ਵਿੱਚ ਵਿਕਣ ਆਈ ਮੱਕੀ ਦੀਆਂ ਪੰਜ ਢੇਰੀਆਂ ਵਿੱਚੋਂ 1800 ਤੋਂ ਲੈ ਕੇ 1900 ਰੁਪਏ ਕੁਇੰਟਲ ਤੱਕ ਹੀ ਮੱਕੀ ਦੇ ਭਾਅ ਲੱਗੇ ਹਨ। ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮਲਮਾਜਰਾ ਨੇ ਦੱਸਿਆ ਕਿ ਸਰਕਾਰ ਨੇ ਸੁੱਕੀ ਮੱਕੀ ਦਾ ਘੱਟੋ -ਘੱਟ ਸਮਰਥਨ ਮੁੱਲ 2400 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਤਾਂ ਕੀਤਾ ਹੈ ਪਰ ਸੂਬੇ ਭਰ ਵਿੱਚ ਇੱਕ ਬੋਰੀ ਵੀ ਕਿਸੇ ਸਰਕਾਰੀ ਏਜੰਸੀ ਨੇ ਮੱਕੀ ਦੀ ਖਰੀਦ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੀਂਹ ਵਿੱਚ ਜਿਸ ਮੱਕੀ ਦੀ ਕੁਆਲਿਟੀ ਕਾਫੀ ਹੇਠਲੇ ਪੱਧਰ ਦੀ ਹੋ ਗਈ ਹੈ ਉਹ ਹੀ ਘੱਟ ਰੇਟ ਵਿੱਚ ਵਿੱਕ ਰਹੀ ਹੈ ਪਰ ਮੀਂਹ ਤੋਂ ਪਹਿਲਾਂ ਮੱਕੀ ਦੀ ਖ਼ਰੀਦ ਚੰਗੀ ਕੀਮਤ ਉਤੇ ਹੋ ਰਹੀ ਸੀ।

ਉਨ੍ਹਾਂ ਨੇ ਕਿਹਾ ਕਿ ਮੀਂਹ ਨਾਲ ਖਰਾਬ ਹੋਈ ਮੱਕੀ ਦੀ ਕੁਆਲਿਟੀ ਤੋਂ ਇਲਾਵਾ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਮੱਕੀ ਮੰਗਵਾਈ ਜਾਣ ਦੀਆਂ ਖਬਰਾਂ ਨੇ ਵੀ 100 ਰੁਪਏ ਪ੍ਰਤੀ ਕੁਇੰਟਲ ਮੱਕੀ ਦਾ ਭਾਅ ਘੱਟ ਕਰ ਦਿੱਤੇ ਹਨ। ਪ੍ਰਧਾਨ ਨੇ ਕਿਹਾ ਕਿ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪੈ ਰਹੇ ਘਾਟੇ ਤੋਂ ਬਚਾਉਣ ਲਈ ਸਰਕਾਰ ਕਾਫੀ ਕੁਝ ਕਰ ਸਕਦੀ ਹੈ ਅਤੇ ਆਪਣੀਆਂ ਖਰੀਦ ਏਜੰਸੀਆਂ ਨੂੰ ਮੰਡੀਆ ਵਿੱਚ ਮੱਕੀ ਦੀ ਖਰੀਦ ਕਰਨ ਲਈ ਭੇਜਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਰਸਾਤੀ ਮੱਕੀ ਦੀ ਖਰੀਦ ਸਮੇਂ ਸਰਕਾਰੀ ਏਜੰਸੀਆਂ ਸਿਲ ਵਧਣ ਜਾਂ ਵਜਨ ਘਟਣ ਸਮੇਤ ਅਨੇਕਾਂ ਮੁਸ਼ਕਲਾਂ ਤੋਂ ਬਚਣ ਲਈ ਮੱਕੀ ਖਰੀਦਣ ਤੋਂ ਦੂਰ ਹੀ ਰਹਿੰਦੀਆਂ ਹਨ।

ਉਧਰ ਮਾਰਕੀਟ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਹੀਨੇ ਦੀ ਪੰਜ ਤਰੀਕ ਤੋਂ ਮੱਕੀ ਸਥਾਨਕ ਅਨਾਜ ਮੰਡੀ ਵਿੱਚ ਵਿਕਣ ਲਈ ਆ ਰਹੀ ਹੈ ਅਤੇ ਹੁਣ ਤੱਕ 90 ਹਜ਼ਾਰ ਬੋਰੀ ਮੱਕੀ ਮੰਡੀ ਵਿੱਚ ਵਿਕ ਚੁੱਕੀ ਹੈ। ਮਾਰਕੀਟ ਕਮੇਟੀ ਨੂੰ ਆਸ ਹੈ ਕਿ ਅਜੇ ਘੱਟੋ -ਘੱਟ ਡੇਢ ਲੱਖ ਬੋਰੀ ਹੋਰ ਮੱਕੀ ਦੀ ਫਸਲ ਮੰਡੀ ਵਿੱਚ ਵਿਕਣ ਲਈ ਆਵੇਗੀ। ਭਾਵੇਂ ਇਹ ਅਨੁਮਾਨ ਪਿਛਲੇ ਸਾਲ ਦੀ ਮੱਕੀ ਦੀ ਫਸਲ ਦੀ ਆਮਦ 'ਤੇ ਆਧਾਰਤ ਹਨ ਪਰ ਇਸ ਸਾਲ ਮੱਕੀ ਹੇਠਲਾ ਰਕਬਾ ਕਾਫੀ ਵੱਧ ਹੋਣ ਕਾਰਨ ਇਸ ਅੰਦਾਜ਼ੇ ਤੋਂ ਵੀ ਵੱਧ ਕਿਸਾਨਾਂ ਦੀ ਮੱਕੀ ਦੀ ਫਸਲ ਮੰਡੀਆਂ ਵਿੱਚ ਆ ਸਕਦੀ ਹੈ।

ਜੇਕਰ ਸਰਕਾਰ ਨਹੀਂ ਘੱਟੋ- ਘੱਟ ਸਮਰਥਨ ਮੁੱਲ ਉਤੇ ਫਸਲ ਦੀ ਖਰੀਦ ਯਕੀਨੀ ਨਾ ਬਣਾਈ ਤਾਂ ਕਿਸਾਨਾ ਨੂੰ ਪੈਣ ਵਾਲੇ ਘਾਟੇ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੀ ਜਾਪਦਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਮੱਕੀ ਘੱਟ ਰੇਟਾਂ ਉਤੇ ਵਿਕਣ ਕਾਰਨ ਨਾ ਸਿਰਫ ਕਿਸਾਨ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਬਲਕਿ ਆੜ੍ਹਤੀਏ ਅਤੇ ਅਨਾਜ ਮੰਡੀ ਦੇ ਮਜ਼ਦੂਰਾਂ ਨੂੰ ਵੀ ਆਰਥਿਕ ਘਾਟਾ ਪਵੇਗਾ।

ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਮੱਕੀ ਵਿੱਚ ਮੁਨਾਫਾ ਕਾਫੀ ਹੈ ਪਰੰਤੂ ਸਰਕਾਰ ਜੇ ਉਨ੍ਹਾਂ ਦੀ ਬਾਂਹ ਫੜੇ ਤਾਂ ਕਿਸਾਨ ਖੁਦ ਝੋਨੇ ਅਤੇ ਕਣਕ ਉਤੇ ਫੇਰ ਬਦਲ ਵਿਚੋਂ ਨਿਕਲਣਾ ਚਾਹੁੰਦਾ ਹੈ ਪ੍ਰੰਤੂ ਸਰਕਾਰ ਉਨ੍ਹਾਂ ਦੀ ਮੱਕੀ ਦੀ ਖਰੀਦ ਨਹੀਂ ਕਰ ਰਹੀ ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਏਜੰਸੀਆਂ ਨੂੰ ਘੱਟ ਰੇਟ ਉਤੇ ਮੱਕੀ ਵੇਚਣੀ ਪੈਂਦੀ ਹੈ।

Read More
{}{}