Wheat Procurement: ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਐਲਾਨ ਕਰ ਦਿੱਤਾ ਹੈ। ਅੱਜ ਪਹਿਲੀ ਅਪ੍ਰੈਲ ਤੋਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਹਾਲੇ ਤੱਕ ਮੰਡੀਆਂ ਵਿੱਚ ਕਣਕ ਦੀ ਇੱਕ ਵੀ ਢੇਰੀ ਨਹੀਂ ਪੁੱਜੀ, ਉਮੀਦ ਜਤਾਈ ਜਾ ਰਹੀ ਹੈ ਕਿ ਫਸਲ ਨੂੰ ਮੰਡੀ ਵਿੱਚ ਆਉਣ ਲਈ ਹਲੇ 10 ਤੋਂ 15 ਦਿਨ ਤੱਕ ਲੱਗ ਸਕਦੇ ਹਨ ਪਰ ਉਸ ਤੋਂ ਪਹਿਲਾਂ ਵਿਭਾਗ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਪਾਣੀ ਅਤੇ ਛਾਂ ਦਾ ਪ੍ਰਬੰਧ ਕਰ ਦਿੱਤਾ ਗਿਆ।
ਮੰਡੀਆਂ ਵਿੱਚ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਸਬੰਧੀ ਫਰੀਦਕੋਟ ਮਾਰਕੀਟ ਕਮੇਟੀ ਦੇ ਸੈਕਟਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੰਡੀ ਵਿੱਚ ਸਾਫ-ਸਫ਼ਾਈ ਪੂਰੀ ਤਰ੍ਹਾਂ ਹੋ ਚੁੱਕੀ ਹੈ ਅਤੇ ਬਾਕੀ ਥੋੜ੍ਹੇ ਮੋਟੇ ਜੋ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਉਨ੍ਹਾਂ ਨੇ ਦੱਸਿਆ ਕਿ ਹਾਲੇ ਫਸਲ ਦੀ ਕਟਾਈ ਸ਼ੁਰੂ ਨਹੀਂ ਹੋਈ ਜਿਸ ਦੇ ਚੱਲਦੇ 10 ਤੋਂ 15 ਦਿਨ ਤੱਕ ਅਜੇ ਮੰਡੀ ਵਿੱਚ ਫਸਲ ਆਉਣ ਦੀ ਉਮੀਦ ਨਹੀਂ ਹੈ।
ਉਧਰ ਆੜ੍ਹਤੀਆ ਨੇ ਦੱਸਿਆ ਕਿ ਹਰ ਸਾਲ ਲਿਫਟਿੰਗ ਨੂੰ ਲੈ ਕੇ ਕਾਫੀ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਨੇ ਕਿਉਂਕਿ ਕਣਕ ਦੀ ਫਸਲ ਇਕਦਮ ਮੰਡੀਆਂ ਵਿੱਚ ਆਉਣ ਕਾਰਨ ਫਸਲ ਦਾ ਗਲੱਟ ਵੱਜ ਜਾਂਦਾ ਹੈ ਜਿਸ ਕਾਰਨ ਲੋਡਿੰਗ ਅਣਲੋਡਿੰਗ ਕਾਫੀ ਲੇਟ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਪਵੇਗਾ ਤਾਂ ਜੋ ਮੰਡੀ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਦੱਸਿਆ ਕਿ ਲੋਕਲ ਲੇਬਰ ਮੰਡੀ ਵਿੱਚ ਪਹੁੰਚ ਚੁੱਕੀ ਹੈ ਜਦਕਿ ਪ੍ਰਵਾਸੀ ਲੇਬਰ ਅਜੇ ਦਸ ਦਿਨਾਂ ਬਾਅਦ ਪੁੱਜੇਗੀ। ਉਨ੍ਹਾਂ ਨੇ ਮੰਨਿਆ ਕਿ ਇਸ ਵਾਰ ਉਮੀਦ ਜਤਾਈ ਜਾ ਰਹੀ ਹੈ ਕਿ ਫਸਲ ਦੀ ਖਰੀਦ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਚੱਲੇਗਾ ਅਤੇ ਸਰਕਾਰ ਵੱਲੋਂ ਕਿਸਾਨਾਂ ਦੇ ਭੁਗਤਾਨ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਜਿਸ ਨਾਲ ਕਿਸਾਨਾਂ ਨੂੰ ਨਾਲ ਦੀ ਨਾਲ ਫਸਲ ਵੇਚਦੇ ਸਾਰ ਖਾਤਿਆਂ ਵਿੱਚ ਪੇਮੈਂਟ ਪਾਈ ਜਾਏਗੀ।
ਮੋਗਾ: ਸੂਬੇ ਭਰ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ। ਪਹਿਲੇ ਦਿਨ ਕੋਈ ਵੀ ਕੋਈ ਵੀ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਨਹੀਂ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਸਾਫ ਸਫਾਈ ਨੂੰ ਲੈ ਕੇ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਨੇ ਕਿਹਾ ਕਿ 15-16 ਤਰੀਕ ਤੱਕ ਮੰਡੀਆਂ ਵਿੱਚ ਕਣਕ ਆਉਣੀ ਸ਼ੁਰੂ ਹੋਵੇਗੀ ਅਤੇ ਸਾਨੂੰ ਆਸ ਹੈ ਕਿ ਉਦੋਂ ਤੱਕ ਜੋ ਵੀ ਰਹਿੰਦੇ ਪ੍ਰਬੰਧ ਹਨ ਉਹ ਵੀ ਪੂਰੇ ਕਰ ਲਏ ਜਾਣਗੇ। ਉਥੇ ਦੂਸਰੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾੜੀ ਮੋਗਾ ਮੰਡੀ ਵਿੱਚ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।